ਮਾਜਰੀ, 5 ਮਾਰਚ (ਕੁਲਵੰਤ ਸਿੰਘ ਧੀਮਾਨ)-ਇੰਟਰਨੈਸ਼ਨਲ ਡਿਵਾਈਨ ਕਾਲਜ ਆਫ਼ ਐਜੂਕੇਸ਼ਨ ਅਤੇ ਇੰਟਰਨੈਸ਼ਨਲ ਡਿਵਾਈਨ ਸਕੂਲ ਆਫ਼ ਨਰਸਿੰਗ ਵਲੋਂ 'ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਦਾ ਸਿੱਖਿਆ ਦੇ ਖੇਤਰ 'ਚ ਯੋਗਦਾਨ' ਵਿਸ਼ੇ 'ਤੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ੁਰੂਆਤ ਪਤਵੰਤਿਆਂ ਵਲੋਂ ਰਸਮੀ ਤੌਰ 'ਤੇ ਦੀਵੇ ਜਗਾਉਣ ਨਾਲ ਹੋਈ, ਉਪਰੰਤ ਨਵ-ਨਿਯੁਕਤ ਡਾਇਰੈਕਟਰ (ਕਾਲਜਾਂ) ਭਾਈ (ਡਾ.) ਸੁਖਵਿੰਦਰ ਸਿੰਘ ਦੁਆਰਾ ਸਵਾਗਤੀ ਭਾਸ਼ਣ ਦਿੱਤਾ ਗਿਆ, ਜਿਨ੍ਹਾਂ ਨੇ ਸਕਾਰਾਤਮਕ ਵਿਦਿਆਰਥੀ-ਅਧਿਆਪਕ ਸੰਬੰਧਾਂ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਟਰੱਸਟ ਦੇ ਦਿ੍ਸ਼ਟੀਕੋਣ ਤੇ ਮਿਸ਼ਨ ਸਮੇਤ ਸਮਾਜਿਕ, ਅਧਿਆਤਮਕ ਤੇ ਵਿੱਦਿਅਕ ਭੂਮਿਕਾ ਦੀ ਰੂਪ-ਰੇਖਾ ਪੇਸ਼ ਕੀਤੀ | ਇਸੇ ਦੌਰਾਨ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸੰਤ ਬਾਬਾ ਲਖਬੀਰ ਸਿੰਘ ਚੇਅਰਮੈਨ ਵਿਸ਼ਵ ਗੁਰਮਤਿ ਰੂਹਾਨੀ ਮਿਸ਼ਨ ਚੈਰੀਟੇਬਲ ਟਰੱਸਟ ਰਤਵਾੜਾ ਸਾਹਿਬ ਨੇ ਸੰਸਥਾਵਾਂ ਦੇ ਨਿਰੰਤਰ ਵਿਕਾਸ ਬਾਰੇ ਗੱਲਬਾਤ ਕਰਦਿਆਂ ਸਿੱਖਿਆ ਨੂੰ ਅਧਿਆਤਮਿਕਤਾ ਨਾਲ ਮਿਲਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਮੁੱਖ ਭਾਸ਼ਣ ਪ੍ਰੋ. (ਡਾ.) ਸਰਬਜਿੰਦਰ ਸਿੰਘ ਵਾਈਸ-ਚਾਂਸਲਰ ਸੰਨੀ ਓਬਰਾਏ ਵਿਵੇਕ ਸਦਨ ਸ੍ਰੀ ਅਨੰਦਪੁਰ ਸਾਹਿਬ ਦੁਆਰਾ ਦਿੱਤਾ ਗਿਆ, ਜਿਨ੍ਹਾਂ ਨੇ ਰਤਵਾੜਾ ਸਾਹਿਬ ਕੈਂਪਸ 'ਚ ਨਵੇਂ ਕੋਰਸ ਸ਼ੁਰੂ ਕਰਨ ਅਤੇ ਇਕ ਨਵੀਂ ਯੂਨੀਵਰਸਿਟੀ ਸਥਾਪਿਤ ਕਰਨ ਲਈ ਭਵਿੱਖ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਏ. ਆਈ. 'ਤੇ ਵੱਧ ਰਹੀ ਨਿਰਭਰਤਾ ਅਤੇ ਮਨੁੱਖੀ ਬੁੱਧੀ 'ਤੇ ਇਸ ਦੇ ਪ੍ਰਭਾਵ ਬਾਰੇ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ | ਇਸ ਤੋਂ ਬਾਅਦ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਪੰਜਾਬ ਸਰਕਾਰ ਦੇ ਚੇਅਰਪਰਸਨ ਪ੍ਰੋ. (ਡਾ.) ਸੁਖਪਾਲ ਸਿੰਘ ਨੇ ਰਤਵਾੜਾ ਸਾਹਿਬ ਟਰੱਸਟ ਦੇ ਉਦੇਸ਼ਾਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਿੱਖਿਆ ਦੀ ਮਾਤਰਾ ਦੀ ਬਜਾਏ ਗੁਣਵੱਤਾ 'ਤੇ ਧਿਆਨ ਕੇਂਦਰਿਤ ਕੀਤੀ ਜਾਣਾ ਚਾਹੀਦਾ ਹੈ | ਇਸੇ ਦੌਰਾਨ ਮਨਜੀਤ ਸਿੰਘ ਗਿੱਲ ਵਾਈਸ-ਚੇਅਰਮੈਨ ਨੇ ਵਿੱਦਿਅਕ ਸੰਸਥਾਵਾਂ ਦੀ ਤਰੱਕੀ 'ਚ ਸਹਿਯੋਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਦਕਿ ਕਰਨੈਲ ਸਿੰਘ ਵਾਈਸ-ਚੇਅਰਮੈਨ ਨੇ ਵੀ ਸਿੱਖਿਆ ਦੀ ਮਹੱਤਤਾ ਨੂੰ ਉਜਾਗਰ ਕੀਤਾ | ਇਸ ਤੋਂ ਬਾਅਦ ਬਾਬਾ ਜਸਵਿੰਦਰ ਸਿੰਘ ਟਰੱਸਟੀ ਨੇ ਮਨੁੱਖੀ ਕਦਰਾਂ-ਕੀਮਤਾਂ ਦੇ ਅੰਦਰੂਨੀਕਰਨ ਬਾਰੇ ਗੱਲਬਾਤ ਕੀਤੀ, ਜਦਕਿ ਭਾਈ ਜਸਵੰਤ ਸਿੰਘ ਡਾਇਰੈਕਟਰ (ਸਕੂਲ) ਨੇ ਗੁਰੂ ਗੋਬਿੰਦ ਸਿੰਘ ਵਿੱਦਿਆ ਮੰਦਰ ਅਤੇ ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸਕੂਲ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ | ਇਸੇ ਦੌਰਾਨ ਡਾ. ਹਰਪ੍ਰੀਤ ਕੌਰ ਪਿ੍ੰ. ਆਈ. ਡੀ. ਸੀ. ਈ. ਨੇ ਕਾਲਜ ਆਫ਼ ਐਜੂਕੇਸ਼ਨ ਐਂਡ ਨਰਸਿੰਗ ਸਕੂਲ ਦੀਆਂ ਪ੍ਰਾਪਤੀਆਂ ਸਭ ਦੇ ਸਾਹਮਣੇ ਰੱਖੀਆਂ | ਅੰਤ 'ਚ ਸੰਤ ਬਾਬਾ ਲਖਬੀਰ ਸਿੰਘ ਵਲੋਂ ਆਏ ਪਤਵੰਤਿਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸੈਮੀਨਾਰ ਦੌਰਾਨ ਸਟੇਜ ਦੀ ਕਾਰਵਾਈ ਗਗਨਦੀਪ ਕੌਰ ਨੇ ਬਹੁਤ ਸੁਚੱਜੇ ਢੰਗ ਨਾਲ ਚਲਾਈ, ਜਦਕਿ ਭਾਈ (ਡਾ.) ਸੁਖਵਿੰਦਰ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ |