22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪੰਜਾਬ ਦੇ 'ਲਾਅ ਅਫ਼ਸਰਾਂ' ਨੂੰ ਹਰਿਆਣਾ ਦੇ ਮੁਕਾਬਲੇ ਮਿਲਦੀ ਹੈ ਅੱਧੀ ਤਨਖ਼ਾਹ <br/>

Ad Position 21
No active advertisement
ਅਜੀਤ ਡੈਸਕ 06-03-2026
ਚੰਡੀਗੜ੍ਹ, 5 ਮਾਰਚ (ਸੰਦੀਪ ਕੁਮਾਰ ਮਾਹਨਾ) –ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ਵਿਖੇ ਕੰਮ ਕਰਨ ਵਾਲੇ 'ਲਾਅ ਅਫ਼ਸਰਾਂ' ਨੂੰ ਹਰਿਆਣਾ 'ਚ ਬਰਾਬਰ ਅਹੁਦਿਆਂ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਨਾਲੋਂ ਕਾਫ਼ੀ ਘੱਟ ਤਨਖ਼ਾਹ ਮਿਲਣ ਵਾਲੇ ਮੁੱਦੇ 'ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ | ਅਦਾਲਤ ਨੇ ਕਿਹਾ ਕਿ ਦੋਵਾਂ ਸੂਬਿਆਂ ਦੇ ਐਡਵੋਕੇਟ ਜਨਰਲ ਦਫ਼ਤਰਾਂ 'ਚ ਇਕੋ ਜਿਹੀਆਂ ਡਿਊਟੀਆਂ ਨਿਭਾਉਣ ਵਾਲੇ ਅਧਿਕਾਰੀਆਂ ਦੀਆਂ ਤਨਖ਼ਾਹਾਂ ਵਿਚ ਵੱਡਾ ਫ਼ਰਕ ਨਜ਼ਰ ਦਿਖਾਈ ਦਿੰਦਾ ਹੈ, ਜਿਸ 'ਤੇ ਪੰਜਾਬ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ | ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਸਾਹਮਣੇ ਪੇਸ਼ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਕਿ ਹਰਿਆਣਾ ਦੇ ਐਡਵੋਕੇਟ ਜਨਰਲ ਦਫ਼ਤਰ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਪੰਜਾਬ ਦੇ ਅਧਿਕਾਰੀਆਂ ਨਾਲੋਂ ਲਗਭਗ ਦੁੱਗਣੀ ਤਨਖ਼ਾਹ ਦਿੱਤੀ ਜਾ ਰਹੀ ਹੈ | ਇਸ ਫ਼ਰਕ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਹੈ | ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਅਗਲੀ ਸੁਣਵਾਈ 'ਤੇ ਪੰਜਾਬ ਦੇ ਮੁੱਖ ਸਕੱਤਰ ਅਤੇ ਵਿੱਤ ਸਕੱਤਰ ਵੀਡੀਓ ਕਾਨਫਰੰਾਸਿੰਗ ਰਾਹੀਂ ਅਦਾਲਤ 'ਚ ਪੇਸ਼ ਹੋ ਕੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਦੇਣ | ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਜਿੱਥੇ ਕਰੀਬ 2.5 ਲੱਖ ਰੁਪਏ ਮਹੀਨਾਵਾਰ ਤਨਖ਼ਾਹ ਮਿਲਦੀ ਹੈ, ਉੱਥੇ ਹੀ ਹਰਿਆਣਾ ਦੇ ਐਡਵੋਕੇਟ ਜਨਰਲ ਨੂੰ ਲਗਭਗ 4.5 ਲੱਖ ਰੁਪਏ ਮਹੀਨਾਵਾਰ ਤਨਖ਼ਾਹ ਮਿਲਦੀ ਹੈ | ਇਸ ਤੋਂ ਇਲਾਵਾ ਹਰਿਆਣਾ ਦੇ ਐਡਵੋਕੇਟ ਜਨਰਲ ਨੂੰ ਘਰ ਦਾ ਕਿਰਾਇਆ ਸਮੇਤ ਉਹ ਸਾਰੇ ਭੱਤੇ ਮਿਲਦੇ ਹਨ, ਜੋ ਸੂਬੇ ਦੇ ਕੈਬਨਿਟ ਮੰਤਰੀ ਨੂੰ ਦਿੱਤੇ ਜਾਂਦੇ ਹਨ | ਇਸੇ ਤਰ੍ਹਾਂ ਹੋਰ ਅਹੁਦਿਆਂ ਲਈ ਵੀ ਤਨਖ਼ਾਹ 'ਚ ਵੱਡਾ ਫ਼ਰਕ ਸਾਹਮਣੇ ਆਇਆ ਹੈ | ਪੰਜਾਬ 'ਚ ਸੀਨੀਅਰ ਵਧੀਕ ਐਡਵੋਕੇਟ ਜਨਰਲ ਨੂੰ ਕਰੀਬ 1 ਲੱਖ 45 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ, ਜਦੋਂ ਕਿ ਹਰਿਆਣਾ 'ਚ ਇਸੇ ਅਹੁਦੇ 'ਤੇ ਕੰਮ ਕਰਨ ਵਾਲੇ ਅਧਿਕਾਰੀ ਨੂੰ 3 ਲੱਖ ਰੁੱਪਏ ਮਹੀਨਾ ਤਨਖ਼ਾਹ ਮਿਲਦੀ ਹੈ | ਜਦੋਂ ਕਿ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਨੂੰ ਲਗਭਗ 1 ਲੱਖ 40 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ, ਹਰਿਆਣਾ 'ਚ ਇਸ ਅਹੁਦੇ 'ਤੇ ਕੰਮ ਕਰਨ ਵਾਲੇ ਅਧਿਕਾਰੀ ਨੂੰ ਲਗਭਗ 2 ਲੱਖ 70 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ | ਤਨਖ਼ਾਹ ਦਾ ਇਹ ਫ਼ਰਕ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਅਤੇ ਡਿਪਟੀ ਐਡਵੋਕੇਟ ਜਨਰਲ ਦੇ ਅਹੁਦਿਆਂ 'ਤੇ ਵੀ ਸਪੱਸ਼ਟ ਦਿਖਾਈ ਦਿੰਦਾ ਹੈ | ਪੰਜਾਬ ਵਿਚ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨੂੰ ਲਗਭਗ 1 ਲੱਖ 38 ਹਜ਼ਾਰ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ, ਜਦੋਂ ਕਿ ਹਰਿਆਣਾ 'ਚ ਉਸੇ ਰੈਂਕ ਵਾਲੇ ਅਧਿਕਾਰੀ ਨੂੰ 2 ਲੱਖ 41 ਹਜ਼ਾਰ 939 ਰੁਪਏ ਮਹੀਨਾ ਤਨਖ਼ਾਹ ਮਿਲਦੀ ਹੈ | ਇਸੇ ਤਰ੍ਹਾਂ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਨੂੰ ਲਗਭਗ 1 ਲੱਖ 5 ਹਜ਼ਾਰ ਤਨਖ਼ਾਹ ਮਿਲਦੀ ਹੈ, ਜਦੋਂ ਕਿ ਹਰਿਆਣਾ ਵਿਚ ਲਗਭਗ 2 ਲੱਖ 41 ਹਜ਼ਾਰ ਹੈ | ਸਭ ਤੋਂ ਹੇਠਲੇ ਪੱਧਰ ਦੇ ਲਾਅ ਅਫ਼ਸਰ, ਯਾਨੀ ਸਹਾਇਕ ਐਡਵੋਕੇਟ ਜਨਰਲ ਦੀ ਤਨਖ਼ਾਹ ਵਿਚ ਵੀ ਵੱਡਾ ਫ਼ਰਕ ਸਾਹਮਣੇ ਆਇਆ ਹੈ | ਪੰਜਾਬ ਵਿਚ ਸਹਾਇਕ ਐਡਵੋਕੇਟ ਜਨਰਲ ਨੂੰ ਲਗਭਗ 75 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਂਦੀ ਹੈ, ਜਦੋਂ ਕਿ ਹਰਿਆਣਾ 'ਚ ਲਗਭਗ 1 ਲੱਖ 61 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ਦਿੱਤੀ ਜਾਂਦੀ ਹੈ | ਇਸ ਮਾਮਲੇ 'ਤੇ ਟਿੱਪਣੀ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਲਈ ਇੰਨਾ ਵੱਡਾ ਤਨਖ਼ਾਹ ਪਾੜਾ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਜੀ.ਐਮ.ਸੀ.ਐਚ-32 'ਚ ਨਵੇਂ ਡਾਇਰੈਕਟਰ-ਪਿ੍ੰਸੀਪਲ ਦੇ ਅਹੁਦਾ ਸੰਭਾਲਣ ਮੌਕੇ ਹੋਏ ਵੱਡੇ ਬਦਲਾਅ <br/> ਅਗਲੀ ਖ਼ਬਰ ਪੰਜਾਬ ਪੁਲਿਸ ਵਲੋਂ 511 ਥਾਈਾ ਛਾਪੇਮਾਰੀ, 207 ਕਾਬੂ
Ad Position 24