ਚੰਡੀਗੜ੍ਹ, 5 ਮਾਰਚ (ਮਾਰਕੰਡਾ)- ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵਿਖੇ ਡਾਇਰੈਕਟਰ-ਪਿ੍ੰਸੀਪਲ ਡਾ. ਰਵਨੀਤ ਕੌਰ ਦੇ ਅਹੁਦਾ ਸੰਭਾਲਣ ਮੌਕੇ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਸ਼ੁਰੂ ਹੋ ਗਿਆ ਹੈ | ਜਿਸ ਵਿਚ ਨਵੀਂ ਲੀਡਰਸ਼ਿਪ ਸ਼ਾਮਿਲ ਹੋਵੇਗੀ | ਨਵ-ਨਿਯੁਕਤ ਡਾਇਰੈਕਟਰ-ਪਿ੍ੰਸੀਪਲ ਦੇ ਅਹੁਦਾ ਸੰਭਾਲਣ ਦੇ ਕੁੱਝ ਦਿਨਾਂ ਦੇ ਅੰਦਰ ਹੀ ਮੈਡੀਕਲ ਸੁਪਰਡੈਂਟ ਡਾ. ਹਰੀ ਦੇਸਾਰੀ ਨੇ ਅਸਤੀਫ਼ਾ ਦੇ ਦਿੱਤਾ ਹੈ | ਡਾ. ਦੇਸਾਰੀ ਦਾ ਅਸਤੀਫ਼ਾ ਸੰਸਥਾ ਦੇ ਅੰਦਰ ਚਰਚਾ ਦਾ ਵਿਸ਼ਾ ਬਣ ਗਿਆ ਹੈ | ਕਿਉਂਕਿ ਉਹ ਡਾਇਰੈਕਟਰ ਦੇ ਅਹੁਦੇ ਦੀ ਦੌੜ ਵਿਚ ਵੀ ਸ਼ਾਮਿਲ ਸਨ | ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਡਾਇਰੈਕਟਰ-ਪਿ੍ੰਸੀਪਲ ਦੀ ਨਿਯੁਕਤੀ ਰਵਾਇਤੀ ਸੀਨੀਅਰਤਾ ਦੀ ਬਜਾਏ ਯੋਗਤਾ ਦੇ ਆਧਾਰ 'ਤੇ ਕੀਤੀ ਗਈ | ਜੋ ਕਿ ਜੀ.ਐਮ.ਸੀ.ਐਚ ਦੇ ਇਤਿਹਾਸ ਵਿਚ ਇੱਕ ਵੱਡਾ ਬਦਲਾਅ ਸੀ | ਸੂਤਰਾਂ ਅਨੁਸਾਰ ਡਾ. ਹਰੀ ਦੇਸਾਰੀ ਦੇ ਕਾਰਜਕਾਲ ਵਿਚ ਸਿਰਫ਼ ਪੰਜ ਮਹੀਨੇ ਬਾਕੀ ਸਨ | ਜਿਸ ਕਾਰਨ ਪ੍ਰਸ਼ਾਸਨ ਨੇ ਡਾ. ਰਵਨੀਤ ਦੇ ਨਾਮ ਨੂੰ ਉਨ੍ਹਾਂ ਦੀ ਲੰਬੇ ਸਮੇਂ ਦੀ ਅਗਵਾਈ ਦਾ ਹਵਾਲਾ ਦਿੰਦੇ ਹੋਏ ਮਨਜ਼ੂਰੀ ਦੇ ਦਿੱਤੀ | ਹਸਪਤਾਲ ਪ੍ਰਸ਼ਾਸਨ ਨੇ ਹੁਣ ਸਪੱਸ਼ਟ ਕੀਤਾ ਹੈ ਕਿ ਸੰਸਥਾ ਦੇ ਅਗਲੇ ਮੈਡੀਕਲ ਸੁਪਰਡੈਂਟ ਦੀ ਚੋਣ ਸਿਰਫ਼ ਯੋਗਤਾ ਦੇ ਆਧਾਰ 'ਤੇ ਹੋਵੇਗੀ | ਇੱਕ ਪਾਰਦਰਸ਼ੀ ਚੋਣ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ | ਪ੍ਰਸ਼ਾਸਨ ਦਾ ਟੀਚਾ ਹਸਪਤਾਲ ਦੇ ਕੰਮਕਾਜ ਨੂੰ ਹੋਰ ਕੁਸ਼ਲ ਬਣਾਉਣਾ ਅਤੇ ਐਮਰਜੈਂਸੀ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ | ਅਹੁਦਾ ਸੰਭਾਲਣ ਤੋਂ ਬਾਅਦ, ਡਾ. ਰਵਨੀਤ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਤਰਜੀਹ ਹਸਪਤਾਲ ਦੇ ਐਮਰਜੈਂਸੀ ਅਤੇ ਟਰਾਮਾ ਵਿੰਗਾਂ ਨੂੰ ਹੋਰ ਮਜ਼ਬੂਤ ਕਰਨਾ ਹੈ |