ਜ਼ੀਰਕਪੁਰ, 5 ਮਾਰਚ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ 'ਤੇ ਉਸ ਨਾਲ ਵਿਆਹ ਦੇ ਬਹਾਨੇ ਜ਼ਬਰਦਸਤੀ ਸਰੀਰਿਕ ਸੰਬੰਧ ਬਣਾਉਣ ਤੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਵਿਰੁੱਧ ਬੀ. ਐਨ. ਐਸ. ਦੀ ਧਾਰਾ 69 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮ ਦੀ ਪਛਾਣ ਗੁਲਸ਼ਨ ਕੁਮਾਰ ਵਾਸੀ ਪਿੰਡ ਬਰੌਲੀ ਰਾਮਪੁਰ (ਪੰਚਕੂਲਾ) ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ 28 ਸਾਲਾ ਮਹਿਲਾ ਵਾਸੀ ਅੰਮਿ੍ਤਸਰ ਹਾਲ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਹ ਪਿਛਲੇ 8-9 ਸਾਲਾਂ ਤੋਂ ਕੰਮ ਲਈ ਇੱਥੇ ਇਕ ਪੀ. ਜੀ. 'ਚ ਰਹਿ ਰਹੀ ਹੈ | ਉਸ ਨੇ ਕਿਹਾ ਕਿ ਦੋ ਸਾਲ ਪਹਿਲਾਂ ਉਸ ਦੀ ਮੁਲਾਕਾਤ ਗੁਲਸ਼ਨ ਕੁਮਾਰ ਨਾਲ ਹੋਈ | ਮਹਿਲਾ ਅਨੁਸਾਰ ਮੁਲਜ਼ਮ ਅਕਸਰ ਉਸ ਨੂੰ ਜ਼ੀਰਕਪੁਰ 'ਚ ਮਿਲਣ 'ਚ ਆਉਂਦਾ ਸੀ ਤੇ ਉਸ ਨੇ ਵਿਆਹ ਦਾ ਵਾਅਦਾ ਕਰਕੇ ਉਸ ਨਾਲ ਕਈ ਵਾਰ ਸਰੀਰਕ ਸੰਬੰਧ ਬਣਾਏ | ਉਸ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਖਰੜ ਦੇ ਲਾਂਡਰਾ ਰੋਡ 'ਤੇ ਇਕ ਫਲੈਟ 'ਚ ਵੀ ਲੈ ਗਿਆ, ਜਿਥੇ ਉਸਨੇ ਵਾਰ-ਵਾਰ ਉਸ ਨਾਲ ਸਰੀਰਕ ਸੰਬੰਧ ਬਣਾਏ | ਪੀੜਤਾ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਮੁਲਜ਼ਮ ਨੇ ਉਸਦੀ ਸਹਿਮਤੀ ਤੋਂ ਬਿਨਾਂ ਉਸਦੀ ਅਸ਼ਲੀਲ ਵੀਡੀਓ ਵੀ ਬਣਾ ਲਈ ਅਤੇ ਕੁਝ ਦਿਨ ਪਹਿਲਾਂ ਮੁਲਜ਼ਮ ਨੇ ਉਸ ਨੂੰ ਨਵਾਂਗਾਓਾ ਦੇ ਇਕ ਹੋਟਲ 'ਚ ਬੁਲਾਇਆ, ਜਿਥੇ ਉਸ ਨੇ ਬਲੈਕਮੇਲ ਕਰ ਉਸ ਨਾਲ ਸਰੀਰਕ ਸੰਬੰਧ ਬਣਾਏ | ਮਹਿਲਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਮੁਲਜ਼ਮ 'ਤੇ ਵਿਆਹ ਕਰਨ ਲਈ ਦਬਾਅ ਪਾਇਆ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਉਸ ਨੂੰ ਧਮਕੀਆਂ ਦੇਣ ਲੱਗ ਪਿਆ ਕਿ ਜੇਕਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਹ ਉਸ ਦੀ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦੇਵੇਗਾ | ਮਹਿਲਾ ਅਨੁਸਾਰ ਮੁਲਜ਼ਮ ਨੇ ਵੀਡੀਓ ਦਾ ਇਕ ਹਿੱਸਾ ਇੰਸਟਾਗ੍ਰਾਮ 'ਤੇ ਵੀ ਭੇਜਿਆ, ਜਿਸਦਾ ਇਕ ਸਕ੍ਰੀਨਸ਼ਾਟ ਉਸ ਨੇ ਆਪਣੇ ਕੋਲ ਰੱਖਿਆ ਹੈ | ਮਹਿਲਾ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |