ਖਰੜ, 5 ਮਾਰਚ (ਗੁਰਮੁਖ ਸਿੰਘ ਮਾਨ)- ਪੇਂਡੂ ਖੇਤਰ 'ਚ ਪਿੰਡਾਂ ਦੇ ਲੋਕਾਂ ਅਤੇ ਕਿਰਤੀਆਂ ਨੂੰ ਪਿੰਡਾਂ 'ਚ ਹੀ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਡਾ. ਮਨਮੋਹਨ ਸਿੰਘ ਅਤੇ ਸੋਨੀਆਂ ਗਾਂਧੀ ਵਲੋਂ ਕੇਂਦਰ 'ਚ ਕਾਂਗਰਸ ਸਰਕਾਰ ਸਮੇਂ ਦੇਸ਼ ਵਿਚ 'ਮਨਰੇਗਾ' ਸਕੀਮ ਲਿਆਂਦੀ ਗਈ ਸੀ ਤਾਂ ਕਿ ਇਸ ਸਕੀਮ ਤਹਿਤ ਜਰੂਰਤਮੰਦਾਂ ਨੂੰ ਘੱਟੋ-ਘੱਟ 100 ਦਿਨਾਂ ਦਾ ਰੁਜ਼ਗਾਰ ਮਿਲ ਸਕੇ, ਜਿਸ 'ਚ ਕੇਂਦਰ ਸਰਕਾਰ ਵਲੋਂ 90 ਪੈਸੇ ਅਤੇ ਸੂਬਾ ਸਰਕਾਰਾਂ ਵਲੋਂ 10 ਪੈਸੇ ਹਿੱਸਾ ਪਾਇਆ ਜਾਂਦਾ ਸੀ, ਪਰ ਮੌਜੂਦਾ ਕੇਂਦਰ ਸਰਕਾਰ ਵਲੋਂ 60 ਪੈਸੇ ਤੇ 40 ਪੈਸੇ ਸੂਬਾ ਸਰਕਾਰਾਂ 'ਤੇ ਹਿੱਸਾ ਪਵਾਉਣ ਲਈ ਇਸ ਸਕੀਮ ਨੂੰ ਬੰਦ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ, ਕਿਉਂਕਿ ਸੂਬਾ ਸਰਕਾਰਾਂ ਇਸ ਸਕੀਮ 'ਚ 40 ਪੈਸੇ ਪਾਉਣ ਤੋਂ ਅਸਮਰਥ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਖਰੜ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫਤਰ 'ਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਸੀਨੀਅਰ ਕਾਂਗਰਸੀ ਆਗੂ ਰਾਣਾ ਕੰਵਰਪਾਲ ਸਿੰਘ ਨੇ ਕਿਹਾ ਕਿ ਸੂਬਾ ਸਰਕਾਰਾਂ ਇਸ ਸਕੀਮ 'ਚ ਆਪਣਾ ਬਣਦਾ ਹਿੱਸਾ ਨਹੀਂ ਪਾ ਸਕਦੀਆਂ, ਕਿਉਂਕਿ ਸੂਬੇ ਪਹਿਲਾਂ ਹੀ ਕਰਜ਼ੇ ਦੀ ਮਾਰ ਥੱਲੇ ਦੱਬੇ ਹੋਏ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕੇਂਦਰ 'ਚ ਕਾਂਗਰਸ ਸਰਕਾਰ ਸਮੇਂ ਆਈ ਇਸ ਸਕੀਮ ਨੂੰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖਣ ਲਈ ਸੂਬਿਆਂ 'ਚ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਉਹ ਮੀਡੀਆ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਪਿੰਡ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਨੂੰ ਵੀ ਕਿਰਤੀਆਂ, ਪਿੰਡਾਂ ਦੇ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰਨ ਨਹੀਂ ਦੇਵੇਗੀ | ਉਨ੍ਹਾਂ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਕੇਂਦਰ ਵਿਚਲੀ ਭਾਜਪਾ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਪਤਾ ਨਹੀਂ ਕਿ ਅਮਰੀਕਾ ਦਾ ਰਾਸ਼ਟਰਪਤੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਉਂ ਦਬਾ ਰਿਹਾ ਹੈ ਅਤੇ ਅਗਰ ਇਹ ਸਮਝੋਤਾ ਸਿਰੇ ਚੜ੍ਹ ਗਿਆ ਤਾਂ ਦੇਸ਼ ਦਾ ਕਿਸਾਨ, ਮਜ਼ਦੂਰ, ਕਿਰਤੀ ਤਬਾਹ ਹੋ ਜਾਵੇਗਾ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਖਰੜ ਹਲਕੇ ਦੇ ਇੰਚਾਰਜ਼ ਵਿਜੈ ਸ਼ਰਮਾ ਟਿੰਕੂ, ਡੇਰਾਬੱਸੀ ਹਲਕੇ ਦੇ ਇੰਚਾਰਜ ਦੀਪਿੰਦਰ ਸਿੰਘ ਢਿੱਲੋਂ, ਨਗਰ ਨਿਗਮ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜ਼ਿਲ੍ਹਾ ਮਹਿਲਾਂ ਕਾਂਗਰਸ ਦੀ ਪ੍ਰਧਾਨ ਸਵਰਨਜੀਤ ਕੌਰ, ਬਲਾਕ ਪ੍ਰਧਾਨ ਗੁਰਿੰਦਰ ਸਿੰਘ ਬੈਦਵਾਣ, ਸਿਟੀ ਪ੍ਰਧਾਨ ਦੀਪਕ, ਵਿਸ਼ਾਲ ਬੱਟੂ, ਬਾਬੂ ਸਿੰਘ ਪਮੌਰ, ਕਮਲਜੀਤ ਸਿੰਘ ਚਾਵਲਾ, ਰਘਬੀਰ ਸਿੰਘ, ਸ਼ੇਰ ਸਿੰਘ ਗੁਰਾਇਆ, ਵਰਿੰਦਰ ਭਾਮਾ ਸਮੇਤ ਕਾਂਗਰਸ ਪਾਰਟੀ ਦੇ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |