ਖਰੜ, 6 ਮਾਰਚ (ਜੰਡਪੁਰੀ)-ਅੱਜ ਖਰੜ ਵਿਖੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ 'ਆਪਣਾ ਕਾਰੋਬਾਰ, ਆਪਣੀ ਪਛਾਣ' ਮੁਹਿੰਮ ਤਹਿਤ ਮਹਿਲਾ ਉੱਦਮੀ ਮੇਲੇ ਕਰਵਾਇਆ ਗਿਆ | ਇਸ ਮੌਕੇ ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਉਚੇਚੇ ਤੌਰ 'ਤੇ ਸ਼ਿਰਕਤ ਕਰਦਿਆਂ ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰ ਰਹੀਆਂ ਮਹਿਲਾਵਾਂ ਨੂੰ ਸਰਟੀਫ਼ਿਕੇਟ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਅਨਮੋਲ ਗਗਨ ਮਾਨ ਨੇ ਕਿਹਾ ਕਿ ਮਹਿਲਾਵਾਂ ਹੀਰੇ ਵਰਗੀਆਂ ਸੁੰਦਰ ਤੇ ਮਜ਼ਬੂਤ ਹੁੰਦੀਆਂ ਹਨ | ਉਨ੍ਹਾਂ ਕਿਹਾ ਕਿ ਘਰ ਨੂੰ ਸਵਰਗ ਬਣਾਉਣਾ ਜਾਂ ਨਰਕ ਬਣਾਉਣਾ ਵੀ ਮਹਿਲਾ ਦੇ ਹੱਥ 'ਚ ਹੁੰਦਾ ਹੈ ਕਿਉਂਕਿ ਮਹਿਲਾ ਪਰਿਵਾਰ ਦੀ ਮਜ਼ਬੂਤ ਨੀਂਹ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ 'ਚ ਆਪਣੀ ਕਾਬਲੀਅਤ ਸਾਬਿਤ ਕਰ ਰਹੀ ਹੈ ਅਤੇ ਸਮਾਜ ਦੇ ਵਿਕਾਸ 'ਚ ਅਹਿਮ ਭੂਮਿਕਾ ਨਿਭਾ ਰਹੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਨਾਲ ਮਹਿਲਾਵਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦਾ ਮੌਕਾ ਮਿਲ ਰਿਹਾ ਹੈ | ਇਸੇ ਦੌਰਾਨ ਵੱਖ-ਵੱਖ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ 'ਪੰਜਾਬ ਸਰਕਾਰ ਮਹਿਲਾ ਉੱਦਮੀ ਸਨਮਾਨ-2026' ਤਹਿਤ ਸਨਮਾਨ ਪੱਤਰ ਦਿੱਤੇ ਗਏ | ਸਮਾਗਮ ਦੌਰਾਨ ਮੰਚ ਦਾ ਸੰਚਾਲਨ ਅਮਨਪ੍ਰੀਤ ਕੌਰ (ਸਰਪੰਚ ਨੰਗਲ ਫੈਜ਼ਗੜ੍ਹ) ਅਤੇ ਜਸਪ੍ਰੀਤ ਕੌਰ (ਸਰਪੰਚ ਝਿੰਗੜਾਂ ਕਲਾਂ) ਵਲੋਂ ਕੀਤਾ ਗਿਆ | ਇਸ ਮੌਕੇ ਕਸ਼ਮੀਰ ਕੌਰ (ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ), ਸਵਰਨਜੀਤ ਕੌਰ (ਜ਼ੋਨ ਇੰਚਾਰਜ), ਹਰਪ੍ਰੀਤ ਕੌਰ (ਹਲਕਾ ਕੋਆਰਡੀਨੇਟਰ), ਅੰਜੂ ਚੰਦਰ (ਪ੍ਰਧਾਨ ਨਗਰ ਕੌਂਸਲ ਖਰੜ), ਰੁਪਿੰਦਰ ਕੌਰ (ਬੀ. ਡੀ. ਪੀ. ਓ. ਦਫ਼ਤਰ), ਸਰਬਜੀਤ ਕੌਰ, ਵੰਦਨਾ ਭਾਰਦਵਾਜ, ਹਰਪਾਲ ਕੌਰ (ਬੜੌਦੀ), ਹਰਮਿੰਦਰ ਕੌਰ (ਮਾਜਰਾ), ਦਲਜੀਤ ਕੌਰ (ਖਿਜ਼ਰਾਬਾਦ), ਮਮਤਾ ਰਾਣੀ, ਸੁਖਵਿੰਦਰ ਸਿੰਘ ਬਿੱਟੂ (ਚੇਅਰਮੈਨ ਮਾਰਕੀਟ ਕਮੇਟੀ ਖਰੜ), ਵਿਕਾਸ ਮੋਹਨ (ਪੀ. ਏ.), ਰਘਵੀਰ ਸਿੰਘ ਮੋਦੀ (ਬਲਾਕ ਸਮਿਤੀ ਮੈਂਬਰ) ਤੇ ਬਲਜੀਤ ਸਿੰਘ (ਮੀਡੀਆ ਇੰਚਾਰਜ) ਸਮੇਤ ਹੋਰ ਕਈ ਪਤਵੰਤੇ ਵੀ ਹਾਜ਼ਰ ਸਨ |