ਪੁਲਿਸ ਵੈਰੀਫਿਕੇਸ਼ਨ ਦੇ ਝੰਜਟ ਵਾਲੇ ਨਿਯਮਾਂ ਨੇ ਲੋਕਾਂ ਦੇ ਨੱਕ 'ਚ ਕੀਤਾ ਦਮ
ਅਜੀਤ ਡੈਸਕ
10-03-2026
• ਨੌਜਵਾਨ ਪੀੜ੍ਹੀ ਸਭ ਤੋਂ ਵੱਧ ਹੋਈ ਪ੍ਰਭਾਵਿਤ-ਖ਼ਾਸ ਕਰਕੇ ਉਹ ਨੌਜਵਾਨ ਇਸ ਮਸਲੇ ਨੂੰ ਲੈ ਕੇ ਜ਼ਿਆਦਾ ਪ੍ਰੇਸਾਨ ਹਨ, ਜਿਨ੍ਹਾਂ ਦੀ ਹਾਲ ਹੀ 'ਚ ਨਾਮੀ ਕੰਪਨੀਆਂ 'ਚ ਪਲੇਸਮੈਂਟ ਹੋਈ ਹੈ | ਕੰਪਨੀਆਂ ਵਲੋਂ ਪਾਸਪੋਰਟ ਦੀ ਮੰਗ ਕੀਤੀ ਜਾ ਰਹੀ ਹੈ, ਪਰ ਪੁਲਿਸ ਵੈਰੀਫਿਕੇਸ਼ਨ ਦੀਆਂ ਸਖ਼ਤ ਅਤੇ ਬਦਲਦੀਆਂ ਸ਼ਰਤਾਂ ਕਾਰਨ ਉਨ੍ਹਾਂ ਨੂੰ ਨੌਕਰੀ ਛੱਡ ਕੇ ਸਰਕਾਰੀ ਦਫ਼ਤਰਾਂ ਦੀਆਂ ਬਰੂਹਾਂ ਗਾਹਣੀਆਂ ਪੈ ਰਹੀਆਂ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਡੇਰਾਬੱਸੀ ਦੇ ਬਾਲਾ ਜੀ ਨਗਰ ਦੇ ਵਸਨੀਕ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਹਿਤੇਨ ਸੈਣੀ ਦੀ 6 ਮਹੀਨੇ ਪਹਿਲਾਂ ਨੌਕਰੀ ਲੱਗੀ ਸੀ | ਕੰਪਨੀ ਵਲੋਂ ਪਾਸਪੋਰਟ ਮੰਗਣ 'ਤੇ ਜਦੋਂ ਉਨ੍ਹਾਂ ਅਪਲਾਈ ਕੀਤਾ ਤਾਂ ਪੁਲਿਸ ਨੇ ਆਧਾਰ ਕਾਰਡ 'ਤੇ ਮਕਾਨ ਨੰਬਰ ਨਾ ਹੋਣ ਦਾ ਹਵਾਲਾ ਦੇ ਕੇ ਵੈਰੀਫਿਕੇਸ਼ਨ ਰੱਦ ਕਰ ਦਿੱਤੀ | ਦੋ ਮਹੀਨੇ ਦੀ ਜਦੋ-ਜਹਿਦ ਤੋਂ ਬਾਅਦ ਜਦੋਂ ਆਧਾਰ ਕਾਰਡ ਦਰੁਸਤ ਕਰਵਾਇਆ ਗਿਆ ਤਾਂ ਹੁਣ ਵੋਟਰ ਕਾਰਡ 'ਤੇ ਪਤਾ ਦਰੁਸਤ ਕਰਵਾਉਣ ਦੀ ਨਵੀਂ ਸ਼ਰਤ ਰੱਖ ਦਿੱਤੀ ਗਈ | ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਰਕਾਰ 'ਘਰ-ਘਰ ਸੁਵਿਧਾ' ਦਾ ਦਾਅਵਾ ਕਰਦੀ ਹੈ ਤਾਂ ਆਮ ਲੋਕਾਂ ਨੂੰ ਮਾਮੂਲੀ ਕੰਮਾਂ ਲਈ ਇੰਨਾ ਪ੍ਰੇਸ਼ਾਨ ਕਿਉਂ ਕੀਤਾ ਜਾ ਰਿਹਾ ਹੈ |
• ਸਿਆਸੀ ਤੇ ਸਮਾਜਿਕ ਰੋਸ-ਉਧਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਨੇ ਵੀ ਸਰਕਾਰ ਦੇ ਇਨ੍ਹਾਂ ਨਿਯਮਾਂ ਦੀ ਨਿਖੇਧੀ ਕੀਤੀ ਹੈ | ਉਨ੍ਹਾਂ ਆਖਿਆ ਕਿ ਆਧਾਰ ਕਾਰਡ ਉਸੇ ਵਿਅਕਤੀ ਦਾ ਬਣਦਾ ਹੈ ਜੋ ਕਿ ਇਥੋਂ ਦਾ ਪੱਕਾ ਵਸਨੀਕ ਹੋਵੇ | ਜੇਕਰ ਕਿਸੇ ਕੋਲ ਆਧਾਰ ਅਤੇ ਵੋਟਰ ਕਾਰਡ ਦੋਵੇਂ ਮੌਜੂਦ ਹਨ ਤਾਂ ਬਿਨਾਂ ਵਜ੍ਹਾ ਇਤਰਾਜ਼ ਲਗਾ ਕੇ ਜਨਤਾ ਨੂੰ ਪ੍ਰੇਸ਼ਾਨ ਕਰਨਾ ਗ਼ਲਤ ਹੈ | ਉਨ੍ਹਾਂ ਆਖਿਆ ਕਿ ਪੁਲਿਸ ਵੈਰੀਫਿਕੇਸ਼ਨ ਦੇ ਲਈ ਹੋਰ ਦਸਤਾਵੇਜ਼ ਜਿਵੇਂ ਕਿ ਪੜ੍ਹਾਈ ਦਾ ਸਰਟੀਫ਼ਿਕੇਟ ਅਤੇ ਜਨਮ ਸਰਟੀਫ਼ਿਕੇਟ ਬੈਂਕ ਖਾਤੇ ਦੀ ਕਾਪੀ ਆਦਿ ਵੀ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਲੋਕ ਪ੍ਰੇਸ਼ਾਨ ਨਾ ਹੋਣ |
• ਪੁਲਿਸ ਅਧਿਕਾਰੀਆਂ ਦਾ ਪੱਖ-ਇਸ ਮਾਮਲੇ ਸੰਬੰਧੀ ਸੁਵਿਧਾ ਕੇਂਦਰ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਸਰਕਾਰ ਵਲੋਂ ਜਾਰੀ ਤਾਜ਼ਾ ਆਦੇਸ਼ਾਂ ਦੀ ਪਾਲਣਾ ਕਰ ਰਹੇ ਹਨ | ਨਵੇਂ ਨਿਯਮਾਂ ਅਨੁਸਾਰ ਹੁਣ ਆਧਾਰ ਕਾਰਡ ਨੂੰ ਪੂਰਨ-ਪਛਾਣ ਪੱਤਰ ਨਹੀਂ ਮੰਨਿਆ ਜਾ ਰਿਹਾ, ਜਿਸ ਕਾਰਨ ਵੋਟਰ ਕਾਰਡ ਨੂੰ ਹੀ ਪੁਲਿਸ ਵੈਰੀਫਿਕੇਸ਼ਨ ਲਈ ਮੁੱਖ ਦਸਤਾਵੇਜ਼ ਵਜੋਂ ਸਵੀਕਾਰ ਕੀਤਾ ਜਾ ਰਿਹਾ ਹੈ |