29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਈਨਿੰਗ ਅਫ਼ਸਰ ਦੀ ਡਿਸਚਾਰਜ ਅਰਜ਼ੀ ਖ਼ਾਰਜ, ਅੱਜ ਤੈਅ ਕੀਤੇ ਜਾਣਗੇ ਦੋਸ਼

Ad Position 21
No active advertisement
ਅਜੀਤ ਡੈਸਕ 10-03-2026
ਐੱਸ.ਏ.ਐੱਸ. ਨਗਰ, 9 ਮਾਰਚ (ਕਪਿਲ ਵਧਵਾ)-ਭਿ੍ਸ਼ਟਾਚਾਰ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਸਿਮਰਪ੍ਰੀਤ ਕੌਰ ਢਿੱਲੋਂ ਵਲੋਂ ਦਾਇਰ ਡਿਸਚਾਰਜ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ | ਅਦਾਲਤ ਨੇ ਮਾਮਲੇ 'ਚ ਸ਼ੁਰੂਆਤੀ ਤੌਰ 'ਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12 ਤਹਿਤ ਕਾਰਵਾਈ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਮਾਮਲੇ ਵਿਚ ਅੱਜ ਦੋਸ਼ ਤੈਅ ਕੀਤੇ ਜਾਣਗੇ | ਜਾਣਕਾਰੀ ਅਨੁਸਾਰ ਇਹ ਮਾਮਲਾ ਸ਼ਿਕਾਇਤਕਰਤਾ ਬਲਜਿੰਦਰ ਸਿੰਘ ਉਰਫ਼ ਬੱਬਲੂ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ | ਸ਼ਿਕਾਇਤਕਰਤਾ ਪਿੰਡ ਸੈਦਪੁਰ ਸਥਿਤ ਗੋਲਡਨ ਐਗਰੀਗੇਟ ਸਟੋਨ ਕਰੈਸ਼ਰ ਵਿਚ ਅੱਧ ਦਾ ਹਿੱਸੇਦਾਰ ਹੈ | ਉਸ ਨੇ ਦੋਸ਼ ਲਗਾਇਆ ਸੀ ਕਿ ਕਰੈਸ਼ਰ ਚਲਾਉਣ ਦੇ ਬਦਲੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਸਿਮਰਪ੍ਰੀਤ ਕੌਰ ਢਿੱਲੋਂ ਵਲੋਂ 35 ਹਜ਼ਾਰ ਰੁ. ਅਤੇ ਦਫ਼ਤਰ ਦੇ ਇਕ ਕਰਮਚਾਰੀ ਅਮਨਪ੍ਰੀਤ ਸਿੰਘ ਅਤੇ ਮਾਈਨਿੰਗ ਗਾਰਡ ਪਾਲ ਸਿੰਘ ਵਲੋਂ 5 ਹਜ਼ਾਰ ਰੁ. ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ | ਸ਼ਿਕਾਇਤ ਮਿਲਣ ਉਪਰੰਤ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਅਤੇ ਫੈਨੋਲਫਥਲੀਨ ਪਾਊਡਰ ਨਾਲ ਤਿਆਰ ਕੀਤੇ ਨੋਟਾਂ ਦੇ ਨਾਲ ਤਿੰਨਾਂ ਨੂੰ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕਾਬੂ ਕਰ ਲਿਆ | ਗਿ੍ਫ਼ਤਾਰੀ ਉਪਰੰਤ ਹੱਥ ਧੋਣ ਦੇ ਟੈਸਟ ਦੌਰਾਨ ਘੋਲ ਦਾ ਰੰਗ ਗੁਲਾਬੀ ਹੋ ਗਿਆ ਸੀ ਅਤੇ ਐਫ਼.ਐੱਸ.ਐਲ. ਰਿਪੋਰਟ ਵਿਚ ਵੀ ਰਸਾਇਣਕ ਤੱਤਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ | ਹਾਲਾਂਕਿ ਜਾਂਚ ਏਜੰਸੀ ਨੂੰ ਸਿਮਰਪ੍ਰੀਤ ਕੌਰ ਢਿੱਲੋਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਸੰਬੰਧਿਤ ਅਥਾਰਟੀ ਵਲੋਂ ਮਨਜ਼ੂਰੀ ਨਹੀਂ ਮਿਲੀ ਸੀ, ਪਰ ਵਿਜੀਲੈਂਸ ਨੇ ਉਸ ਸੰਬੰਧੀ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ | ਇਸ ਦੇ ਵਿਰੁੱਧ ਸ਼ਿਕਾਇਤਕਰਤਾ ਦੀ ਤਰਫੋਂ ਵਕੀਲ ਜਸ਼ਨਪ੍ਰੀਤ ਸਿੰਘ ਸੰਧੂ ਵਲੋਂ ਪ੍ਰੋਟੈਸਟ ਪਟੀਸ਼ਨ (ਵਿਰੋਧ ਪਟੀਸ਼ਨ) ਦਾਇਰ ਕੀਤੀ ਗਈ ਸੀ | ਵਿਸ਼ੇਸ਼ ਅਦਾਲਤ ਦੀ ਜੱਜ ਨੀਤਿਕਾ ਵਰਮਾ ਨੇ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਕਿ ਮੌਜੂਦਾ ਸਬੂਤਾਂ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ ਪ੍ਰਾਈਮਾ ਫੇਸੀ ਦਾ ਕੇਸ ਬਣਦਾ ਹੈ ਅਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 12 ਹੇਠ ਕਾਰਵਾਈ ਲਈ ਪਹਿਲਾਂ ਤੋਂ ਮਨਜ਼ੂਰੀ ਲਾਜ਼ਮੀ ਨਹੀਂ ਹੈ, ਲਿਹਾਜ਼ਾ ਅਦਾਲਤ ਨੇ ਡਿਸਚਾਰਜ ਅਰਜ਼ੀ ਖ਼ਾਰਜ ਕਰ ਦਿੱਤੀ ਹੈ ਅਤੇ ਮਾਮਲੇ 'ਚ ਅੱਜ 10 ਮਾਰਚ ਨੂੰ ਦੋਸ਼ ਤੈਅ ਕਰਨ ਲਈ ਤਰੀਕ ਤੈਅ ਕੀਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਸੱਦੇ 'ਤੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਮੁਹਾਲੀ ਵਿਖੇ ਰੋਸ ਰੈਲੀ... ਅਗਲੀ ਖ਼ਬਰ ਪੁਲਿਸ ਵੈਰੀਫਿਕੇਸ਼ਨ ਦੇ ਝੰਜਟ ਵਾਲੇ ਨਿਯਮਾਂ ਨੇ ਲੋਕਾਂ ਦੇ ਨੱਕ 'ਚ ਕੀਤਾ ਦਮ
Ad Position 24