ਐੱਸ. ਏ. ਐੱਸ. ਨਗਰ, 11 ਮਾਰਚ (ਕਪਿਲ ਵਧਵਾ)-ਪੰਜਾਬ ਵਿਚ ਵਪਾਰਕ ਗੈਸ ਅਤੇ ਘਰੇਲੂ ਸਿਲੰਡਰਾਂ ਦੀਆਂ ਕੀਮਤਾਂ ਵਿਚ ਵਾਧੇ ਦੇ ਨਾਲ-ਨਾਲ ਹੁਣ ਐਲ. ਪੀ. ਜੀ. ਸਿਲੰਡਰਾਂ ਦੀ ਸਪਲਾਈ ਵਿਚ ਵੀ ਕਮੀ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ | ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਦਾ ਅਸਰ ਹੁਣ ਪੰਜਾਬ ਵਿਚ ਵੀ ਮਹਿਸੂਸ ਹੋ ਰਿਹਾ ਹੈ | ਸੂਬੇ ਵਿਚ ਗੈਸ ਏਜੰਸੀਆਂ ਕੋਲ ਕੇਵਲ 2 ਤੋਂ 3 ਦਿਨ ਦਾ ਸਟਾਕ ਹੀ ਬਚਿਆ ਦੱਸਿਆ ਜਾ ਰਿਹਾ ਹੈ | ਜੇਕਰ ਸਥਿਤੀ ਵਿਚ ਕੋਈ ਸੁਧਾਰ ਨਾ ਹੋਇਆ ਤਾਂ ਇਸ ਦਾ ਅਸਰ ਸੂਬੇ ਵਿਚ ਹੋਣ ਵਾਲੇ ਕਰੀਬ 10 ਹਜ਼ਾਰ ਵਿਆਹ ਸਮਾਰੋਹਾਂ 'ਤੇ ਪੈ ਸਕਦਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਗੈਸ ਏਜੰਸੀਆਂ ਇਸ ਸਮੇਂ ਪਹਿਲਾਂ ਦੀਆਂ ਬਕਾਇਆ ਬੁਕਿੰਗਾਂ ਨੂੰ ਹੀ ਪੂਰਾ ਕਰਨ 'ਚ ਲੱਗੀਆਂ ਹੋਈਆਂ ਹਨ, ਜਿਸ ਕਾਰਨ ਕਰੀਬ 7 ਤੋਂ 8 ਦਿਨ ਦੀ ਵੇਟਿੰਗ ਚੱਲ ਰਹੀ ਹੈ | ਲੁਧਿਆਣਾ, ਫ਼ਰੀਦਕੋਟ ਅਤੇ ਕਪੂਰਥਲਾ ਵਿਚ ਸਰਵਰ ਡਾਊਨ ਹੋਣ ਕਾਰਨ ਘਰੇਲੂ ਗੈਸ ਸਿਲੰਡਰਾਂ ਦੀ ਬੁਕਿੰਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ | ਕਈ ਜ਼ਿਲਿ੍ਹਆਂ 'ਚ ਸੋਮਵਾਰ ਤੋਂ ਕਮਰਸ਼ੀਅਲ ਸਿਲੰਡਰਾਂ ਦੀ ਸਪਲਾਈ ਰੁਕੀ ਹੋਈ ਦੱਸੀ ਜਾ ਰਹੀ ਹੈ | ਦੂਜੇ ਪਾਸੇ ਚੰਡੀਗੜ੍ਹ ਵਿਚ ਘਰੇਲੂ ਗੈਸ ਸਪਲਾਈ ਨੂੰ ਸੁਚਾਰੂ ਬਣਾਈ ਰੱਖਣ ਲਈ ਸਾਰੀਆਂ ਗੈਸ ਏਜੰਸੀਆਂ 'ਤੇ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ | ਇਸ ਤੋਂ ਇਲਾਵਾ ਇਕ ਗ੍ਰਾਹਕ ਨੂੰ ਦੋ ਬੁਕਿੰਗਾਂ ਦਰਮਿਆਨ ਘੱਟੋ-ਘੱਟ 30 ਦਿਨਾਂ ਦਾ ਅੰਤਰ ਰੱਖਣਾ ਲਾਜ਼ਮੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੀ ਉਸ ਨੂੰ ਅਗਲੀ ਸਪਲਾਈ ਦਿੱਤੀ ਜਾਵੇਗੀ |