ਐੱਸ. ਏ. ਐੱਸ. ਨਗਰ, 11 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਟੀਚਰਜ਼ ਯੂਨੀਅਨ ਮੁਹਾਲੀ ਇਕਾਈ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲਾਂ ਨੇ ਦੱਸਿਆ ਕਿ ਸੂਬਾ ਸਰਕਾਰ ਇਸ਼ਤਿਹਾਰਾਂ 'ਚ ਸਿੱਖਿਆ ਕ੍ਰਾਂਤੀ ਦੇ ਦਮਗਜੇ ਮਾਰਦੀ ਨਹੀਂ ਥੱਕਦੀ, ਪਰ ਵਿੱਦਿਅਕ ਸੈਸ਼ਨ ਲਗਭਗ ਸਮਾਪਤ ਹੋਣ ਨੂੰ ਆ ਗਿਆ ਹੈ, ਪਰ ਸਰਕਾਰ ਵਲੋਂ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਲਈ ਵਰਦੀਆਂ ਮੁਹੱਈਆ ਕਰਵਾਉਣ ਦੇ ਮਾਮਲੇ 'ਚ ਲਾਪ੍ਰਵਾਹੀ ਦਿਖਾਈ ਗਈ ਹੈ | ਆਗੂਆਂ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਦੋ ਬਲਾਕਾਂ ਨੂੰ ਹੁਣ ਤੱਕ ਵਰਦੀਆਂ ਨਹੀਂ ਮਿਲੀਆਂ | ਇਸੇ ਦੌਰਾਨ ਪ੍ਰੈੱਸ ਸਕੱਤਰ ਬਲਜੀਤ ਚੁੰਬਰ ਨੇ ਦੱਸਿਆ ਜਿਹੜੀਆਂ ਦੂਜੇ ਬਲਾਕਾਂ ਨੂੰ ਵਰਦੀਆਂ ਮਿਲੀਆਂ ਹਨ, ਉਹ ਬਹੁਤ ਦੇਰੀ ਨਾਲ ਮਿਲੀਆਂ ਹਨ, ਜਿਸ ਕਾਰਨ ਮਾਪਿਆਂ 'ਚ ਵੀ ਸਰਕਾਰ ਪ੍ਰਤੀ ਬੇਭਰੋਸਗੀ ਵਧ ਰਹੀ ਹੈ, ਜਿਸ ਦਾ ਸਿੱਧਾ ਅਸਰ ਨਵੇਂ ਦਾਖ਼ਲਿਆਂ 'ਤੇ ਪਵੇਗਾ | ਉਨ੍ਹਾਂ ਕਿਹਾ ਕਿ ਲੋੜਵੰਦ ਅਤੇ ਮਜ਼ਦੂਰ ਵਰਗ ਦੇ ਬੱਚੇ ਸਾਲ ਭਰ ਸਰਕਾਰੀ ਵਰਦੀਆਂ ਦੀ ਉਡੀਕ ਕਰਦੇ ਰਹਿੰਦੇ ਹਨ, ਪਰ ਸਿੱਖਿਆ ਵਿਭਾਗ ਦੀ ਢਿੱਲ-ਮੱਠ ਕਾਰਨ ਉਨ੍ਹਾਂ ਨੂੰ ਆਪਣਾ ਹੱਕ ਤੱਕ ਨਹੀਂ ਮਿਲ ਸਕਿਆ | ਇਹ ਹਾਲਾਤ ਸਰਕਾਰ ਦੀ ਸਿੱਖਿਆ ਪ੍ਰਤੀ ਬੇਪ੍ਰਵਾਹੀ ਨੂੰ ਸਾਫ਼ ਦਰਸਾਉਂਦੇ ਹਨ | ਆਗੂਆਂ ਨੇ ਪੰਜਾਬ ਸਰਕਾਰ ਤੋਂ ਵਿਦਿਆਰਥੀਆਂ ਦੀਆਂ ਵਰਦੀਆਂ ਲਈ ਰਾਸ਼ੀ ਹਰ ਸਾਲ ਸੈਸ਼ਨ ਦੇ ਸ਼ੁਰੂ ਵਿਚ ਹੀ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਜਾਰੀ ਕਰਨ ਦੀ ਮੰਗ ਕੀਤੀ | ਇਸ ਮੌਕੇ ਚਰਨਜੀਤ ਸਿੰਘ, ਗੁਲਜੀਤ ਸਿੰਘ, ਅਮਰੀਕ ਸਿੰਘ, ਵੇਦ ਪ੍ਰਕਾਸ਼, ਰਵੀ ਕੁਮਾਰ, ਵਰਿੰਦਰ ਕੁਮਾਰ, ਬਲਜੀਤ ਸਿੰਘ ਚੁੰਬਰ, ਗੁਰਬੀਰ ਸਿੰਘ, ਅਰਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਸੁਖਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |