ਚੰਡੀਗੜ੍ਹ, 11 ਮਾਰਚ (ਸੰਦੀਪ ਕੁਮਾਰ ਮਾਹਨਾ) ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਮੀਟਿੰਗ ਹੋਈ, ਜਿਸ 'ਚ ਸ਼ਹਿਰ ਦੀ ਸਥਿਤੀ, ਪ੍ਰਸ਼ਾਸਨ ਦੀ ਤਿਆਰੀ ਅਤੇ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ ਗਈ | ਮੀਟਿੰਗ ਦੌਰਾਨ ਪ੍ਰਸ਼ਾਸਕ ਨੂੰ ਜਾਣਕਾਰੀ ਦਿੱਤੀ ਗਈ ਕਿ ਡਿਪਟੀ ਕਮਿਸ਼ਨਰ ਚੰਡੀਗੜ੍ਹ ਵਲੋਂ ਇਕ ਜਨਤਕ ਸੂਚਨਾ ਜਾਰੀ ਕਰਕੇ ਅਪੀਲ ਕੀਤੀ ਗਈ ਹੈ ਕਿ ਜੇਕਰ ਚੰਡੀਗੜ੍ਹ ਦਾ ਕੋਈ ਵੀ ਨਿਵਾਸੀ ਜੰਗ ਪ੍ਰਭਾਵਿਤ ਏਸ਼ੀਆਈ ਦੇਸ਼ਾਂ 'ਚ ਫਸਿਆ ਹੋਇਆ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਜਾਂ ਜਾਣਕਾਰ ਤੁਰੰਤ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਇਸ ਬਾਰੇ ਸੂਚਿਤ ਕਰਨ | ਜਾਣਕਾਰੀ ਦਫ਼ਤਰ 'ਚ ਖੁਦ ਜਾ ਕੇ ਜਾਂ ਈਮੇਲ (dc-chd0nic.in) 'ਤੇ ਭੇਜੀ ਜਾ ਸਕਦੀ ਹੈ | ਇਸ ਵਿਚ ਸੰਬੰਧਿਤ ਵਿਅਕਤੀ ਦਾ ਨਾਮ, ਪਾਸਪੋਰਟ ਨੰਬਰ (ਜੇ ਉਪਲਬਧ ਹੋਵੇ), ਮੌਜੂਦਾ ਦੇਸ਼ ਅਤੇ ਸ਼ਹਿਰ, ਸੰਪਰਕ ਵੇਰਵੇ ਅਤੇ ਚੰਡੀਗੜ੍ਹ ਵਿਚ ਰਹਿੰਦੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ ਤਾਂ ਜੋ ਪ੍ਰਸ਼ਾਸਨ ਵਲੋਂ ਲੋੜੀਂਦੀ ਮਦਦ ਅਤੇ ਰਾਹਤ ਪ੍ਰਬੰਧ ਕੀਤੇ ਜਾ ਸਕਣ | ਮੀਟਿੰਗ ਦੌਰਾਨ ਪ੍ਰਸ਼ਾਸਕ ਨੇ ਚੰਡੀਗੜ੍ਹ ਸ਼ਹਿਰ 'ਚ ਤੇਲ, ਐਲ.ਪੀ.ਜੀ. ਗੈਸ ਸਮੇਤ ਹੋਰ ਜ਼ਰੂਰੀ ਵਸਤੂਆਂ ਦੀ ਉਪਲਬਧਤਾ ਦਾ ਵੀ ਜਾਇਜ਼ਾ ਲਿਆ | ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਯੂਟੀ ਚੰਡੀਗੜ੍ਹ 'ਚ ਇਨ੍ਹਾਂ ਵਸਤੂਆਂ ਦੀ ਕੋਈ ਘਾਟ ਨਹੀਂ ਹੈ ਅਤੇ ਨਿਵਾਸੀਆਂ ਦੀ ਲੋੜ ਮੁਤਾਬਕ ਪੂਰਾ ਸਟਾਕ ਉਪਲਬਧ ਹੈ |