ਚੰਡੀਗੜ੍ਹ, 11 ਮਾਰਚ (ਸੰਦੀਪ ਕੁਮਾਰ ਮਾਹਨਾ) ਸ਼ਹਿਰ ਦੇ ਵਪਾਰੀਆਂ ਦੀ ਸਿਰਮੌਰ ਸੰਸਥਾ ਚੰਡੀਗੜ੍ਹ ਵਪਾਰ ਮੰਡਲ (ਸੀ.ਬੀ.ਐਮ) ਵਲੋਂ 22 ਮਾਰਚ ਨੂੰ ਹੋਣ ਵਾਲੇ ਸਥਾਪਨਾ ਦਿਵਸ ਨੂੰ 'ਟ੍ਰੇਡਰਜ਼ ਡੇ' ਵਜੋਂ ਮਨਾਇਆ ਜਾਵੇਗਾ | ਇਸ ਸਮਾਰੋਹ ਦੀਆਂ ਤਿਆਰੀਆਂ ਸਬੰਧੀ ਕਾਰਜਕਾਰੀ ਮੀਟਿੰਗ ਦੌਰਾਨ ਸਮਾਗਮ ਨੂੰ ਵੱਡੇ ਪੱਧਰ 'ਤੇ ਅਤੇ ਸ਼ਾਨਦਾਰ ਬਣਾਉਣ ਲਈ ਯੋਜਨਾਵਾਂ 'ਤੇ ਵਿਚਾਰ ਕੀਤਾ ਗਿਆ | ਸੀ.ਬੀ.ਐਮ ਦੇ ਪ੍ਰਧਾਨ ਸੰਜੀਵ ਚੱਢਾ ਨੇ ਮੀਟਿੰਗ ਦੌਰਾਨ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਮਾਗਮ ਨੂੰ ਸ਼ਾਨਦਾਰ ਅਤੇ ਸਫ਼ਲ ਬਣਾਉਣ ਲਈ ਹਰ ਮੈਂਬਰ ਘੱਟੋ-ਘੱਟ ਪੰਜ ਵਿਅਕਤੀਆਂ ਨੂੰ ਆਪਣੇ ਨਾਲ ਸਮਾਰੋਹ ਵਿਚ ਲੈ ਕੇ ਆਵੇ, ਤਾਂ ਜੋ ਵਪਾਰੀ ਭਾਈਚਾਰੇ ਦੀ ਏਕਤਾ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਸਮਾਗਮ 'ਚ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਕੌਮੀ ਟ੍ਰੇਡਰਜ਼ ਵੈੱਲਫੇਅਰ ਬੋਰਡ ਨਵੀਂ ਦਿੱਲੀ ਦੇ ਚੇਅਰਮੈਨ ਸਿੰਘੀ ਵਸ਼ਿਸ਼ਟ ਮੌਜੂਦ ਰਹਿਣਗੇ | ਮੀਟਿੰਗ ਦੌਰਾਨ ਕਈ ਵਪਾਰਕ ਸੰਗਠਨਾਂ ਦੇ ਨਮਾਇੰਦਿਆਂ ਨੇ ਸਮਾਰੋਹ ਨੂੰ ਸਫਲ ਬਣਾਉਣ ਲਈ ਆਪਣੇ ਸੁਝਾਅ ਦਿੱਤੇ ਅਤੇ ਵਿੱਤੀ ਸਹਿਯੋਗ ਦਾ ਭਰੋਸਾ ਵੀ ਦਿੱਤਾ | ਇਨ੍ਹਾਂ 'ਚ ਮੁੱਖ ਤੌਰ 'ਤੇ ਮੋਹਿਤ ਸੂਦ (ਪ੍ਰਧਾਨ, ਗ੍ਰੇਨ ਮਾਰਕੀਟ ਐਸੋਸੀਏਸ਼ਨ), ਅਨੀਲ ਜੈਨ, ਰਮੇਸ਼ ਖੰਡੇਲਵਾਲ, ਗੁਰਸ਼ਰਨ ਬੱਤਰਾ, ਗੁਰਿੰਦਰ ਸਿੰਘ ਅਤੇ ਸੁਭਾਸ਼ ਨਾਰੰਗ ਸੀਨੀਅਰ ਵਾਈਸ ਪ੍ਰਧਾਨ, ਸੀ.ਬੀ.ਐਮ ਸਮੇਤ ਕਈ ਹੋਰ ਮੈਂਬਰ ਹਾਜ਼ਰ ਸਨ | ਇਸ ਮੌਕੇ ਸੀ.ਬੀ.ਐਮ ਦੇ ਚੇਅਰਮੈਨ ਚਰਨਜੀਵ ਸਿੰਘ ਨੇ ਸੰਸਥਾ ਦੇ ਸਥਾਪਨਾ ਦਿਵਸ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਸੰਸਥਾ ਦੇ ਸੰਸਥਾਪਕ ਸਵਰਗਵਾਸੀ ਇੰਦਰ ਲਾਲ ਬੱਤਰਾ ਦੇ ਯੋਗਦਾਨ ਨੂੰ ਯਾਦ ਕੀਤਾ | ਉਨ੍ਹਾਂ ਮੈਂਬਰਾਂ ਨੂੰ ਅਪੀਲ ਕੀਤੀ ਕਿ ਆਪਣੇ-ਆਪਣੇ ਬਾਜ਼ਾਰਾਂ ਨਾਲ ਸੰਬੰਧਿਤ ਮੰਗਾਂ ਤਿਆਰ ਕਰਕੇ ਸਮਾਗਮ ਦੌਰਾਨ ਪੇਸ਼ ਕੀਤੀਆਂ ਜਾਣ ਤਾਂ ਜੋ ਉਹ ਮੁੱਖ ਮਹਿਮਾਨਾਂ ਦੇ ਸਾਹਮਣੇ ਰੱਖੀਆਂ ਜਾ ਸਕਣ | ਮੀਟਿੰਗ ਦੌਰਾਨ ਸੀ.ਬੀ.ਐਮ ਦੇ ਵਾਈਸ ਪ੍ਰਧਾਨ ਬਲਜਿੰਦਰ ਗੁਜਰਾਲ ਨੇ ਸ਼ਹਿਰ ਦੇ ਕੱੁਝ ਪ੍ਰਮੁੱਖ ਵਪਾਰੀ ਆਗੂਆਂ ਦੀ ਮੈਂਬਰਸ਼ਿਪ ਲਈ ਪ੍ਰਾਪਤ 6 ਅਰਜ਼ੀਆਂ ਕਾਰਜਕਾਰਨੀ ਅੱਗੇ ਰੱਖੀਆਂ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਗਈ |