ਚੰਡੀਗੜ੍ਹ, 11 ਮਾਰਚ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਅੱਜ 'ਗੱਲ ਪੰਜਾਬ ਦੀ' ਰਾਹੀਂ ਇਕ ਇਤਿਹਾਸਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਦੇ ਨੌਜਵਾਨਾਂ ਦੀ ਬੌਧਿਕ ਪੂੰਜੀ ਨੂੰ ਲਾਮਬੰਦ ਕਰਨ ਲਈ ਅਕਾਦਮਿਕ ਨੇਤਾਵਾਂ, ਵਿਦਵਾਨਾਂ ਅਤੇ ਸਮਾਜਿਕ ਆਗੂਆਂ ਨੂੰ ਇਕੱਠਾ ਕੀਤਾ | ਸਮਾਗਮ ਵਿਚ ਪੰਜਾਬ ਦੇ ਭਖਦੇ ਸਮਾਜਿਕ-ਆਰਥਿਕ ਮੁੱਦਿਆਂ ਨੂੰ ਹੱਲ ਕਰਨ ਲਈ ਵਿਚਾਰ ਸਾਂਝੇ ਕੀਤੇ ਗਏ | ਸਮਾਗਮ ਦੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਦੁਆਰਾ ਗਾਏ ਗੀਤ ਨਾਲ ਹੋਈ | ਇਸ ਮੌਕੇ ਮੁੱਖ ਮਹਿਮਾਨ ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮਿਸਲ ਸਤਲੁਜ ਦੇ ਸੰਸਥਾਪਕ ਅਜੈਪਾਲ ਸਿੰਘ ਬਰਾੜ ਸ਼ਾਮਲ ਹੋਏ | ਕਰਨੈਲ ਸਿੰਘ ਪੀਰ ਮੁਹੰਮਦ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਪ੍ਰਤੀ 'ਜਾਗਣ' ਦੀ ਜ਼ੋਰਦਾਰ ਅਪੀਲ ਕੀਤੀ | ਉਨ੍ਹਾਂ ਕਿਹਾ ਕਿ 'ਗੱਲ ਪੰਜਾਬ ਦੀ' ਮੁਹਿੰਮ ਨੌਜਵਾਨ ਪੀੜ੍ਹੀ ਲਈ ਪੰਜਾਬ ਦੇ ਭਵਿੱਖ ਦੀ ਵਾਗਡੋਰ ਸੰਭਾਲਣ ਦਾ ਇੱਕ ਸੁਨਹਿਰੀ ਮੰਚ ਹੈ | ਅਜੈਪਾਲ ਸਿੰਘ ਬਰਾੜ ਨੇ ਯੂਨੀਵਰਸਿਟੀ ਬਿਜ਼ਨਸ ਸਕੂਲ (ਯੂ.ਬੀ.ਐਸ) ਪੀ.ਯੂ. ਵਿਚ ਆਪਣੇ ਐਮ.ਬੀ.ਏ. ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਕਈ ਸੰਕਟਾਂ ਦਾ ਸਾਹਮਣਾ ਕੀਤਾ ਹੈ, ਪਰ ਸੂਬੇ ਨੇ ਹਮੇਸ਼ਾ ਰਾਹ ਲੱਭਿਆ ਹੈ | ਉਨ੍ਹਾਂ ਭਰੋਸਾ ਜਤਾਇਆ ਕਿ ਉਦੋਂ ਵੀ ਹੱਲ ਕੱਢਿਆ ਸੀ ਅਤੇ ਹੁਣ ਵੀ ਕੱਢਾਂਗੇ | ਕਾਲਜ ਵਿਕਾਸ ਕੌਂਸਲ ਦੇ ਡੀਨ ਪ੍ਰੋ. ਰਵੀ ਇੰਦਰ ਸਿੰਘ ਨੇ ਪੰਜਾਬ ਦੇ ਮੌਜੂਦਾ ਦਿ੍ਸ਼ ਦਾ ਵਿਸਤਿ੍ਤ ਵਿਸ਼ਲੇਸ਼ਣ ਪੇਸ਼ ਕੀਤਾ | ਡਾ. ਰੋਹਿਤ ਕੁਮਾਰ ਸ਼ਰਮਾ ਕੋਆਰਡੀਨੇਟਰ ਨੇ ਹਾਜ਼ਰੀਨ ਨੂੰ 'ਗੱਲ ਪੰਜਾਬ ਦੀ' ਦੇ ਮੁੱਖ ਦਰਸ਼ਨ ਬਾਰੇ ਜਾਣਕਾਰੀ ਦਿੱਤੀ | ਪ੍ਰੋ. ਅਨਿਲ ਕੇ. ਅੰਗਰੀਸ਼ ਨੇ ਐਗਜ਼ੀਕਿਊਸ਼ਨ ਰਣਨੀਤੀ 'ਤੇ ਇਕ ਵਿਆਪਕ ਪੇਸ਼ਕਾਰੀ ਦਿੱਤੀ | ਜਿਸ ਵਿਚ ਦੱਸਿਆ ਗਿਆ ਕਿ ਚੁਣੌਤੀ ਨੂੰ ਐਫੀਲੀਏਟਿਡ ਕਾਲਜਾਂ ਵਿਚ ਕਿਵੇਂ ਲਾਗੂ ਕੀਤੀ ਜਾਵੇਗੀ | ਇਹ ਸੰਮੇਲਨ 'ਪੰਜਾਬ ਦਾ ਸਵਾਲ - ਤੁਹਾਡਾ ਜਵਾਬ' ਦੇ ਉਦੇਸ਼ ਪ੍ਰਤੀ ਸਮੂਹਿਕ ਵਚਨਬੱਧਤਾ ਦੇ ਨਾਲ ਇਕ ਉੱਚੇ ਸੁਰ 'ਤੇ ਸਮਾਪਤ ਹੋਇਆ |