ਲਾਲੜੂ, 11 ਮਾਰਚ (ਰਾਜਬੀਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ ਨੇ ਕਿਹਾ ਕਿ 'ਪੰਜਾਬ ਬਚਾਓ ਯਾਤਰਾ' ਤਹਿਤ ਕੀਤੀਆਂ ਜਾ ਰਹੀਆਂ ਰੈਲੀਆਂ ਦੌਰਾਨ ਮਿਲ ਰਹੇ ਜਨਤਕ ਸਮਰਥਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ 'ਚ ਅਗਲੀ ਸਰਕਾਰ ਅਕਾਲੀ ਦਲ ਦੀ ਹੀ ਬਣੇਗੀ | ਸਾਬਕਾ ਵਿਧਾਇਕ ਸ਼ਰਮਾ ਡੇਰਾਬੱਸੀ ਹਲਕੇ 'ਚ ਕੱਢੀ ਜਾ ਰਹੀ 'ਪੰਜਾਬ ਬਚਾਓ ਯਾਤਰਾ' ਦੇ ਸੰਬੰਧ 'ਚ ਅੱਜ ਲਾਲੜੂ ਹਲਕੇ ਦੇ ਪਿੰਡ ਰਾਣੀਮਾਜਰਾ, ਹਮਾਂਯੂਪੁਰ ਤਸਿੰਬਲੀ, ਬਸੌਲੀ, ਜੌਲਾ ਖੁਰਦ, ਜੌਲਾ ਕਲਾਂ ਤੇ ਮਲਕਪੁਰ ਆਦਿ ਵਿਖੇ ਪਿੰਡ ਵਾਸੀਆਂ ਨੂੰ ਸੱਦਾ ਦੇਣ ਲਈ ਪਹੁੰਚੇ ਹੋਏ ਸਨ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ 'ਪੰਜਾਬ ਬਚਾਓ ਯਾਤਰਾ' ਦੌਰਾਨ ਪੰਜਾਬ ਦੇ ਵਿਕਾਸ ਦਾ ਵਿਜ਼ਨ ਪੇਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਵਿਕਾਸ ਦੇ ਨਾਂਅ 'ਤੇ ਸਿਰਫ਼ ਡਰਾਮਾ ਕਰ ਰਹੀ ਹੈ | ਵਿਧਾਨ ਸਭਾ 'ਚ ਪੰਜਾਬ ਸਰਕਾਰ ਡੇਰਾਬੱਸੀ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਹੈ ਅਤੇ ਪਿਛਲੇ ਚਾਰ ਸਾਲਾਂ 'ਚ ਡੇਰਾਬੱਸੀ 'ਚ ਵਿਕਾਸ ਦੇ ਨਾਂਅ 'ਤੇ ਸਿਰਫ ਝੂਠੇ ਵਾਅਦੇ ਹੀ ਕੀਤੇ ਗਏ ਹਨ | ਸਾਬਕਾ ਵਿਧਾਇਕ ਸ਼ਰਮਾ ਨੇ ਇਲਾਕਾ ਵਾਸੀਆਂ ਨੂੰ 'ਪੰਜਾਬ ਬਚਾਓ ਯਾਤਰਾ' 'ਚ ਸ਼ਾਮਿਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਿਕਾਸ ਦਾ ਵਿਜ਼ਨ ਸਿਰਫ਼ ਅਕਾਲੀ ਦਲ ਕੋਲ ਹੈ | ਇਸ ਮੌਕੇ ਸਰਕਲ ਪ੍ਰਧਾਨ ਬਿ੍ਜੇਸ਼ ਰਾਣਾ, ਪਰਮਿੰਦਰ ਸਿੰਘ ਜੌਲਾ ਸਰਕਲ ਪ੍ਰਧਾਨ, ਮਨਜੀਤ ਸਿੰਘ ਮਲਕਪੁਰ, ਗੁਰਵਿੰਦਰ ਸਿੰਘ ਬਸੌਲੀ, ਗੁਰਦੀਪ ਔਜਲਾ, ਮਹਿਕ ਪੂਨੀਆ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਹਰਦਮ ਸਿੰਘ ਜਾਸਤਨਾਂ, ਹਰਪਾਲ ਸਿੰਘ ਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਤਰਨਬੀਰ ਸਿੰਘ ਪੂਨੀਆ ਸਮੇਤ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ |