ਚੰਡੀਗੜ੍ਹ, 11 ਮਾਰਚ (ਕਪਿਲ ਵਧਵਾ) ਸੈਕਟਰ-23 ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏ.ਟੀ.ਐਮ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਏ.ਟੀ.ਐਮ ਮਸ਼ੀਨ ਖਰਾਬ ਹੋਣ ਦੀ ਗੱਲ ਨੂੰ ਲੈ ਕੇ ਇਕ ਵਿਅਕਤੀ ਨੇ ਸੁਰੱਖਿਆ ਗਾਰਡ ਅਤੇ ਬੈਂਕ ਸਟਾਫ਼ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ | ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੁਲਿਸ ਕਰਮਚਾਰੀ ਉਸ ਨੂੰ ਸਮਝਾ ਕੇ ਬਾਹਰ ਲੈ ਜਾ ਰਹੇ ਸਨ ਕਿ ਇਸ ਦੌਰਾਨ ਉਸ ਨੇ ਏ.ਐਸ.ਆਈ ਨਾਲ ਹੱਥਾਪਾਈ ਕਰ ਦਿੱਤੀ ਅਤੇ ਉਨ੍ਹਾਂ ਨੂੰ ਥੱਪੜ ਮਾਰ ਦਿੱਤੇ, ਜਿਸ ਨਾਲ ਉਨ੍ਹਾਂ ਦੀ ਪੱਗ ਵੀ ਹੇਠਾਂ ਡਿੱਗ ਗਈ | ਬਾਅਦ ਵਿਚ ਮੌਕੇ 'ਤੇ ਮੌਜੂਦ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ | ਦੋਸ਼ੀ ਦੀ ਪਛਾਣ ਸੈਕਟਰ-24 ਨਿਵਾਸੀ ਕੁਲਤਾਰ ਸਿੰਘ (ਕਾਲਪਨਿਕ ਨਾਮ) ਵਜੋਂ ਹੋਈ ਹੈ | ਜਾਣਕਾਰੀ ਮੁਤਾਬਿਕ ਉਹ ਮਾਨਸਿਕ ਬਿਮਾਰੀ ਨਾਲ ਪੀੜਤ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਏ.ਟੀ.ਐਮ ਤੋਂ ਪੈਸੇ ਕੱਢਣ ਆਇਆ ਸੀ, ਪਰ ਮਸ਼ੀਨ ਖ਼ਰਾਬ ਹੋਣ ਕਾਰਨ ਸੁਰੱਖਿਆ ਗਾਰਡ ਨੇ ਉਸ ਨੂੰ ਕਿਸੇ ਹੋਰ ਏ.ਟੀ.ਐਮ ਤੋਂ ਪੈਸੇ ਕੱਢਣ ਲਈ ਕਿਹਾ | ਇਸ ਗੱਲ 'ਤੇ ਉਹ ਗਾਰਡ ਨਾਲ ਉਲਝ ਗਿਆ ਅਤੇ ਬਾਅਦ ਵਿਚ ਬੈਂਕ ਅੰਦਰ ਜਾ ਕੇ ਸਟਾਫ਼ ਨਾਲ ਵੀ ਬਹਿਸ ਕਰਨ ਲੱਗ ਪਿਆ | ਹਾਲਾਤ ਵਿਗੜਦੇ ਦੇਖ ਬੈਂਕ ਮੈਨੇਜਰ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ | ਮੌਕੇ 'ਤੇ ਪਹੁੰਚੇ ਇਲਾਕਾ ਇੰਚਾਰਜ ਏ.ਐਸ.ਆਈ ਲਖਬੀਰ ਸਿੰਘ ਉਸ ਨੂੰ ਸਮਝਾ ਕੇ ਬੈਂਕ ਦੇ ਬਾਹਰ ਲੈ ਜਾ ਰਹੇ ਸਨ ਕਿ ਤਾਂ ਉਸ ਵਿਅਕਤੀ ਨੇ ਅਚਾਨਕ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਥੱਪੜ ਮਾਰ ਦਿੱਤੇ | ਥਾਣਾ ਸੈਕਟਰ-17 ਪੁਲਿਸ ਮੁਤਾਬਿਕ ਉਹ ਵਿਅਕਤੀ ਮਾਨਸਿਕ ਤੌਰ 'ਤੇ ਮਰੀਜ਼ ਹੈ ਅਤੇ ਉਸ ਦਿਨ ਦਵਾਈ ਲੈਣੀ ਭੁੱਲ ਗਿਆ ਸੀ | ਬੈਂਕ ਮੈਨੇਜਰ ਵਲੋਂ ਵੀ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਅਤੇ ਬਿਮਾਰ ਵਿਅਕਤੀ ਦੇ ਭਰਾ ਵਲੋਂ ਮਾਫ਼ੀ ਮੰਗਣ ਤੋਂ ਬਾਅਦ ਪੁਲਿਸ ਨੇ ਮਾਮਲੇ ਵਿਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ |