ਚੰਡੀਗੜ੍ਹ, 27 ਮਾਰਚ (ਸੰਦੀਪ ਕੁਮਾਰ ਮਾਹਨਾ)ਏਅਰ ਫ਼ੋਰਸ ਸਟੇਸ਼ਨ ਦੇ ਟੈਕਨੀਕਲ ਖੇਤਰ 'ਚੋਂ ਕਾਪਰ ਸਟਿ੍ਪ ਚੋਰੀ ਕਰਨ ਦੇ ਮਾਮਲੇ 'ਚ ਸੈਕਟਰ-31 ਥਾਣਾ ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਉਸ ਦੇ ਹੋਰ ਸਾਥੀਆਂ ਦੀ ਤਲਾਸ਼ ਜਾਰੀ ਹੈ | ਪੁਲਿਸ ਮੁਤਾਬਿਕ ਗਿ੍ਫ਼ਤਾਰ ਦੋਸ਼ੀ ਦੀ ਪਹਿਚਾਣ ਨਿਤਿਨ ਵਾਸੀ ਅਸ਼ੋਕ ਵਿਹਾਰ, ਦਿੱਲੀ ਵਜੋਂ ਹੋਈ ਹੈ, ਜੋ ਇਕ ਠੇਕੇਦਾਰ ਦਾ ਮੁਲਾਜ਼ਮ ਹੈ | ਇਹ ਮਾਮਲਾ ਏਅਰ ਫੋਰਸ ਦੇ ਸਟੇਸ਼ਨ ਵਿੰਗ ਕਮਾਂਡਰ ਕੁਲਦੀਪ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ | ਸ਼ਿਕਾਇਤ ਅਨੁਸਾਰ ਏਅਰ ਫੋਰਸ ਦੇ 3 ਬੀ. ਆਰ. ਡੀ. (ਬੇਸ ਰਿਪੇਅਰ ਡਿਪੂ) ਦੇ ਏ. ਆਰ. ਐਸ-1 ਟੈਕਨੀਕਲ ਖੇਤਰ ਵਿਚੋਂ ਕਰੀਬ 28 ਫੁੱਟ ਲੰਬੀ ਕਾਪਰ ਸਟਿ੍ਪ ਚੋਰੀ ਹੋਣ ਦੀ ਸੂਚਨਾ ਮਿਲੀ ਸੀ | ਇਸ ਤੋਂ ਬਾਅਦ ਸੁਰੱਖਿਆ ਵਿਭਾਗ ਵਲੋਂ ਘਟਨਾ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ, ਜਿਸ 'ਚ ਇਕ ਵਿਅਕਤੀ ਨੂੰ ਕਾਪਰ ਸਟਿ੍ਪ ਚੋਰੀ ਕਰਦੇ ਹੋਏ ਦੇਖਿਆ ਗਿਆ | ਜਾਂਚ ਦੌਰਾਨ ਦੋਸ਼ੀ ਦੀ ਪਛਾਣ ਨਿਤਿਨ ਵਜੋਂ ਹੋਈ, ਜੋ ਐਮ/ਐਸ. ਆਰ. ਐਕਸਿਮ ਪ੍ਰਾਈਵੇਟ ਲਿਮਟਿਡ ਕੰਪਨੀ ਰਾਹੀਂ ਕੇਬਲ ਕੈਪਿੰਗ ਤੇ ਕੇਸਿੰਗ ਦਾ ਕੰਮ ਕਰ ਰਿਹਾ ਸੀ | ਉਸ ਦੇ ਨਾਲ ਉਸ ਦੇ ਦੋ ਸਾਥੀ ਅਮਨ ਤੇ ਰੋਹਿਤ ਵੀ ਕੰਮ ਕਰਦੇ ਸਨ | ਪੁਲਿਸ ਪੁੱਛਗਿੱਛ ਦੌਰਾਨ ਨਿਤਿਨ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਪਰ ਸਟਿ੍ਪ ਚੋਰੀ ਕੀਤੀ ਤੇ ਉਸ ਨੂੰ ਕੱਪੜਿਆਂ ਹੇਠ ਲੁਕਾ ਕੇ ਕੈਂਪ ਖੇਤਰ ਤੋਂ ਬਾਹਰ ਲੈ ਗਿਆ | ਬਾਅਦ 'ਚ ਇਹ ਚੋਰੀ ਕੀਤਾ ਸਾਮਾਨ ਰਾਮਦਰਬਾਰ ਇਲਾਕੇ 'ਚ ਇਕ ਕਬਾੜੀ ਨੂੰ ਵੇਚ ਦਿੱਤਾ ਗਿਆ | ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫ਼ਰਾਰ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |