ਚੰਡੀਗੜ੍ਹ, 28 ਮਾਰਚ (ਸੰਦੀਪ ਕੁਮਾਰ ਮਾਹਨਾ) ਚੰਡੀਗੜ੍ਹ ਦੀ ਸੁਖਨਾ ਝੀਲ 'ਤੇ ਕਰਵਾਏ ਗਏ ਦੋ ਦਿਨਾਂ ਹਵਾਈ ਕਰਤੱਬਾਂ ਦੇ ਪ੍ਰਦਰਸ਼ਨ ਦਾ ਅੱਜ ਸ਼ਾਨਦਾਰ ਸਮਾਪਨ ਹੋ ਗਿਆ | ਇਸ ਮੌਕੇ ਭਾਰਤੀ ਹਵਾਈ ਫ਼ੌਜ ਦੀ ਮਸ਼ਹੂਰ ਸੂਰਿਆ ਕਿਰਨ ਟੀਮ ਨੇ ਆਸਮਾਨ 'ਚ ਰੋਮਾਂਚਕ ਅਤੇ ਮਨਮੋਹਕ ਕਰਤੱਬ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ | ਕਰੀਬ ਇਕ ਘੰਟੇ ਤੱਕ ਚੱਲੇ ਇਸ ਪ੍ਰੋਗਰਾਮ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਹਰ ਕਰਤੱਬ 'ਤੇ ਜ਼ੋਰਦਾਰ ਤਾਲੀਆਂ ਵਜਾਈਆਂ | ਪ੍ਰੋਗਰਾਮ ਦੀ ਸ਼ੁਰੂਆਤ ਹੀ ਸ਼ਾਨਦਾਰ ਢੰਗ ਨਾਲ ਹੋਈ | ਹਵਾਈ ਫ਼ੌਜ ਦੇ ਜਹਾਜ਼ਾਂ ਨੇ ਇੱਕਸਾਰ ਉਡਾਣ ਭਰਦਿਆਂ ਆਸਮਾਨ ਵਿਚ ਵੱਖ-ਵੱਖ ਆਕਾਰ ਬਣਾਏ | ਹਵਾਈ ਜਹਾਜ਼ਾਂ ਨੇ ਹੀਰੇ ਆਕਾਰ, 'ਵਾਈ' ਆਕਾਰ, ਤੇਜਸ ਅਤੇ ਡੀ.ਐਨ.ਏ. ਵਰਗੀਆਂ ਰਚਨਾਵਾਂ ਤਿਆਰ ਕੀਤੀਆਂ, ਜਿਨ੍ਹਾਂ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ | ਪਾਇਲਟਾਂ ਦੀ ਆਪਸੀ ਸਹਿਮਤੀ, ਸਮੇਂ ਦੀ ਪਾਬੰਦੀ ਅਤੇ ਨਿਪੁੰਨਤਾ ਹਰ ਪਲ ਦਿਖਾਈ ਦੇ ਰਹੀ ਸੀ | ਇਸ ਦੌਰਾਨ ਕਈ ਵਾਰ ਜਹਾਜ਼ਾਂ ਨੇ 360 ਡਿਗਰੀ ਅਤੇ 90 ਡਿਗਰੀ ਦੇ ਕੋਣਾਂ 'ਤੇ ਤੇਜ਼ੀ ਨਾਲ ਘੁੰਮਦਿਆਂ ਹੈਰਾਨੀਜਨਕ ਕਲਾਬਾਜ਼ੀਆਂ ਦੀ ਪੇਸ਼ਕਾਰੀ ਕੀਤੀ | ਇਹ ਦਿ੍ਸ਼ ਇੰਨਾ ਰੋਮਾਂਚਕ ਸੀ ਕਿ ਦਰਸ਼ਕ ਹਰ ਵਾਰ ਤਾਲੀਆਂ ਦੀ ਗੂੰਜ ਨਾਲ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਰਹੇ | ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਦਿ੍ਸ਼ ਨੂੰ ਦੇਖ ਕੇ ਉਤਸ਼ਾਹਿਤ ਦਿਖਾਈ ਦਿੱਤਾ | ਪ੍ਰੋਗਰਾਮ ਦੇ ਅਖੀਰਲੇ ਪਲ ਸਭ ਤੋਂ ਵੱਧ ਯਾਦਗਾਰ ਸਾਬਤ ਹੋਏ, ਜਦੋਂ ਦੋ ਲੜਾਕੂ ਜਹਾਜ਼ਾਂ ਨੇ ਆਸਮਾਨ 'ਚ ਧੰੂਏਾ ਨਾਲ ਦਿਲ ਦਾ ਆਕਾਰ ਬਣਾਇਆ | ਇਸ ਵਿਲੱਖਣ ਢੰਗ ਨਾਲ ਟੀਮ ਨੇ ਦਰਸ਼ਕਾਂ ਦਾ ਧੰਨਵਾਦ ਕੀਤਾ | ਇਹ ਨਜ਼ਾਰਾ ਦੇਖ ਕੇ ਮੌਕੇ 'ਤੇ ਮੌਜੂਦ ਲੋਕ ਖ਼ੁਸ਼ੀ ਨਾਲ ਝੂਮ ਉੱਠੇ | ਇਸ ਮੌਕੇ ਕਈ ਅਹਿਮ ਸ਼ਖ਼ਸੀਅਤਾਂ ਵੀ ਹਾਜ਼ਰ ਰਹੀਆਂ, ਜਿਨ੍ਹਾਂ 'ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਹਰਿਆਣਾ ਦੇ ਰਾਜਪਾਲ ਅਸ਼ੀਮ ਘੋਸ਼, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਕੁਲਤਾਰ ਸਿੰਘ ਸੰਧਵਾਂ ਨੇ ਖ਼ਾਸ ਤੌਰ 'ਤੇ ਸ਼ਿਰਕਤ ਕਰ ਕੇ ਇਸ ਪ੍ਰਦਰਸ਼ਨ ਦਾ ਆਨੰਦ ਮਾਣਿਆ | ਉਨ੍ਹਾਂ ਦੇ ਨਾਲ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਡੀ.ਸੀ ਨਿਸ਼ਾਂਤ ਕੁਮਾਰ ਯਾਦਵ, ਡੀ.ਜੀ.ਪੀ ਡਾ. ਸਾਗਰ ਪ੍ਰੀਤ ਹੁੱਡਾ ਸਮੇਤ ਹਵਾਈ ਫ਼ੌਜ ਦੇ ਉੱਚ ਅਧਿਕਾਰੀਆਂ ਵੀ ਪਹੁੰਚੇ ਹੋਏ ਸਨ | ਜਿਨ੍ਹਾਂ ਹਵਾਈ ਫ਼ੌਜ ਦੇ ਜਵਾਨਾਂ ਦੀ ਹਿੰਮਤ, ਹੁਨਰ ਅਤੇ ਅਨੁਸ਼ਾਸਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਨੂੰ ਦੇਸ਼ ਸੇਵਾ ਵੱਲ ਪ੍ਰੇਰਿਤ ਕਰਦੇ ਹਨ |
ਵੀ.ਆਈ.ਪੀ ਦੇ ਕਾਰਨ ਸੁਰੱਖਿਆ ਦੇ ਰਹੇ ਸਖ਼ਤ ਪ੍ਰਬੰਧ, ਕਈ ਸੜਕਾਂ ਨੂੰ ਆਵਾਜਾਈ ਲਈ ਕੀਤਾ ਗਿਆ ਬੰਦ
ਇਸ ਪ੍ਰੋਗਰਾਮ ਨੂੰ ਧਿਆਨ 'ਚ ਰੱਖਦਿਆਂ ਸੁਰੱਖਿਆ ਦੇ ਪੱਖੋਂ ਵੀ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਸਨ | ਪੁਲਿਸ ਅਤੇ ਪ੍ਰਸ਼ਾਸਨ ਵਲੋਂ ਸੁਖਨਾ ਝੀਲ ਦੇ ਆਲੇ-ਦੁਆਲੇ ਪੂਰੇ ਇੰਤਜ਼ਾਮ ਕੀਤੇ ਗਏ ਸਨ, ਤਾਂ ਜੋ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ | ਏਅਰ ਸ਼ੋਅ ਦੌਰਾਨ ਵੀ.ਆਈ.ਪੀ ਦੇ ਸ਼ਿਰਕਤ ਕਰਨ ਦੇ ਚੱਲਦਿਆਂ ਸੁਖਨਾ ਝੀਲ ਨੂੰ ੂ ਜਾਣ ਵਾਲੇ ਰਸਤੇ ਸਮੇਤ ਕਈ ਹੋਰਨਾਂ ਸੜਕਾਂ ਨੂੰ ਵੀ ਬੰਦ ਕੀਤਾ ਗਿਆ ਸੀ, ਹਾਲਾਂਕਿ ਯੂ.ਟੀ ਪੁਲਿਸ ਵਲੋਂ ਟ੍ਰੈਫ਼ਿਕ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਸਨ, ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ | ਇਸ ਦੇ ਬਾਵਜੂਦ ਸੁਖਨਾ ਝੀਲ ਦੇ ਆਸ ਪਾਸ ਦੇ ਇਲਾਕਿਆਂ 'ਚ ਲੰਮੇ ਜਾਮ ਦੀ ਸਥਿਤੀ ਦੇਖਣ ਨੂੰ ਮਿਲੀ | ਯੂ.ਟੀ ਪ੍ਰਸ਼ਾਸਨ ਵਲੋਂ ਇਸ ਪ੍ਰੋਗਰਾਮ ਦੇ ਚੱਲਦਿਆਂ 26 ਮਾਰਚ ਤੋਂ ਸੁਖਨਾ ਝੀਲ ਆਮ ਲੋਕਾਂ ਲਈ ਬੰਦ ਰੱਖੀ ਗਈ ਸੀ | ਹਾਲਾਂਕਿ, ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸ਼ਨੀਵਾਰ ਬਾਅਦ ਦੁਪਹਿਰ 2 ਵਜੇ ਇਸ ਨੂੰ ਮੁੜ ਖੋਲ੍ਹ ਦਿੱਤਾ ਗਿਆ |
ਯੂ.ਟੀ ਪ੍ਰਸ਼ਾਸਨ ਵਲੋਂ ਸੁਖਨਾ ਝੀਲ 'ਤੇ ਕਰਵਾਇਆ ਗਿਆ ਇਹ ਹਵਾਈ ਕਰਤੱਬਾਂ ਦਾ ਪ੍ਰਦਰਸ਼ਨ ਚੰਡੀਗੜ੍ਹ ਦੇ ਲੋਕਾਂ ਲਈ ਇਕ ਯਾਦਗਾਰ ਅਨੁਭਵ ਸਾਬਤ ਹੋਇਆ |
ਰਫ਼ਤਾਰ, ਰੰਗ ਤੇ ਰੋਮਾਂਚ: ਸੁਖਨਾ 'ਤੇ ਏਅਰ-ਸ਼ੋਅ ਨੇ ਬੰਨਿ੍ਹਆ ਦਰਸ਼ਕਾਂ ਦਾ ਸਮਾਂ
ਅਜੀਤ ਡੈਸਕ
29-03-2026