ਡੇਰਾਬੱਸੀ, 5 ਅਪ੍ਰੈਲ (ਗੁਰਮੀਤ ਸਿੰਘ)-ਨੈਸ਼ਨਲ 9-ਬਾਲ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤ ਕੇ ਡੇਰਾਬੱਸੀ ਪਹੁੰਚਣ 'ਤੇ ਨਿਤਿਨ ਸ਼ਰਮਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਉਨ੍ਹਾਂ ਦੀ ਇਸ ਉਪਲਬਧੀ ਨਾਲ ਪੂਰੇ ਸ਼ਹਿਰ ਅਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਪਾਇਆ ਗਿਆ | ਨਿਤਿਨ ਦੇ ਪਿਤਾ ਰਾਕੇਸ਼ ਸ਼ਰਮਾ ਅਤੇ ਮਾਤਾ ਸ਼ਸ਼ੀ ਸ਼ਰਮਾ ਆਪਣੇ ਪੁੱਤਰ ਦੀ ਇਸ ਸਫਲਤਾ 'ਤੇ ਨਾਜ਼ ਨਾਲ ਭਰੇ ਹੋਏ ਸਨ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਸਭ ਤੋਂ ਮਾਣ ਵਾਲਾ ਪਲ ਹੈ | ਨਿਤਿਨ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਅੱਜ ਫਲ ਆ ਗਿਆ ਹੈ | ਉਕਤ ਚੈਂਪੀਅਨਸ਼ਿਪ 'ਚ ਸੈਮੀਫਾਈਨਲ ਵਿਚ ਨਿਤਿਨ ਨੇ 6 ਵਾਰ ਦੇ ਰੈਡ ਸਨੂਕਰ ਵਰਲਡ ਚੈਂਪੀਅਨ ਐਸ. ਸ੍ਰੀ ਕਿ੍ਸ਼ਨ ਨੂੰ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਅਤੇ ਫਾਈਨਲ ਵਿਚ 28 ਵਾਰ ਦੇ ਵਰਲਡ ਚੈਂਪੀਅਨ ਪੰਡਿਤ ਪਨਕਜ ਅਡਵਾਨੀ ਨਾਲ ਜ਼ਬਰਦਸਤ ਮੁਕਾਬਲਾ ਹੋਇਆ | ਭਾਵੇਂ ਨਿਤਿਨ ਨੂੰ ਦੂਜਾ ਸਥਾਨ ਮਿਲਿਆ, ਪਰ ਉਨ੍ਹਾਂ ਦਾ ਖੇਡ ਸਭ ਦੇ ਦਿਲ ਜਿੱਤ ਗਿਆ | ਹੁਣ ਨਿਤਿਨ ਵਰਲਡ 9-ਬਾਲ ਪੂਲ ਚੈਂਪੀਅਨਸ਼ਿਪ ਅਤੇ ਪ੍ਰੋ 9-ਬਾਲ ਲੀਗ ਲਈ ਤਿਆਰੀਆਂ ਕਰ ਰਹੇ ਹਨ, ਜਿੱਥੇ ਉਹ ਮੁੜ ਤੋਂ ਆਪਣਾ ਜੌਹਰ ਦਿਖਾਣਗੇ |