ਚੰਡੀਗੜ੍ਹ, 5 ਅਪ੍ਰੈਲ (ਕਪਿਲ ਵਧਵਾ) ਸ਼ਹਿਰ ਵਿਚ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਣ ਲਈ ਲਗਾਈ ਨਾਕਾਬੰਦੀ ਦੌਰਾਨ ਸੈਕਟਰ-11 ਥਾਣਾ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਮੁਲਜ਼ਮ ਦੇ ਕਬਜ਼ੇ 'ਚੋਂ 2 ਦੇਸੀ ਕੱਟੇ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਜਾਣਕਾਰੀ ਮੁਤਾਬਕ ਸੈਕਟਰ-24 ਚੌਂਕੀ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਸੈਕਟਰ-25 ਸਥਿਤ ਗੈਸ ਏਜੰਸੀ ਨੇੜੇ ਸ਼ੱਕੀ ਹਾਲਾਤ 'ਚ ਘੁੰਮ ਰਿਹਾ ਹੈ | ਏ.ਐਸ.ਆਈ ਅਮਰਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਟੀਮ ਜਦੋਂ ਸੈਕਟਰ-25 ਗੈਸ ਏਜੰਸੀ ਕੱਟ ਨੇੜੇ ਪਹੁੰਚੀ ਤਾਂ ਇਕ ਨੌਜਵਾਨ ਸ਼ੱਕੀ ਹਾਲਤ 'ਚ ਘੁੰਮਦਾ ਨਜ਼ਰ ਆਇਆ | ਪੁਲਿਸ ਵਾਹਨ ਨੂੰ ਦੇਖ ਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਘੇਰਾਬੰਦੀ ਕਰਕੇ ਉਸ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਕੀਤੀ ਗਈ ਤਲਾਸ਼ੀ ਦੌਰਾਨ ਮੁਲਜ਼ਮ ਕੋਲੋਂ 2 ਨਜਾਇਜ਼ ਦੇਸੀ ਕੱਟੇ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ | ਜਦੋਂ ਉਸ ਤੋਂ ਹਥਿਆਰਾਂ ਦਾ ਲਾਇਸੈਂਸ ਜਾਂ ਪਰਮਿਟ ਮੰਗਿਆ ਗਿਆ ਤਾਂ ਉਹ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ | ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਕਿ੍ਸ਼ ਉਰਫ਼ ਕਾਕਾ (ਸਾਢੇ 18 ਸਾਲ), ਵਾਸੀ ਸੈਕਟਰ-25, ਚੰਡੀਗੜ੍ਹ ਵਜੋਂ ਹੋਈ ਹੈ |