ਐੱਸ. ਏ. ਐੱਸ. ਨਗਰ, 6 ਅਪ੍ਰੈਲ (ਕਪਿਲ ਵਧਵਾ)-ਬਲੌਂਗੀ ਪੁਲ ਦੇ ਨੇੜੇ ਸਥਿਤ ਸਿੱਖ ਅਜਾਇਬ ਘਰ ਨੂੰ ਅਣਪਛਾਤੇ ਸ਼ਰਾਰਤੀ ਤੱਤਾਂ ਵਲੋਂ ਨਿਸ਼ਾਨਾ ਬਣਾਉਂਦਿਆਂ ਸ਼ਹੀਦ ਊਧਮ ਸਿੰਘ ਦੀ ਮੂਰਤੀ ਦੀ ਭੰਨ-ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮੁਲਜ਼ਮਾਂ ਵਲੋਂ ਮੂਰਤੀ ਦਾ ਹੱਥ ਤੋੜ ਦਿੱਤਾ ਗਿਆ ਅਤੇ ਉਸ ਵਿਚ ਲੱਗੀ ਬੰਦੂਕ ਵੀ ਚੋਰੀ ਕਰ ਲਈ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤੀਜੀ ਘਟਨਾ ਹੈ, ਜਦੋਂ ਇਸ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਘਟਨਾ ਤੋਂ ਬਾਅਦ ਮਿਊਜ਼ੀਅਮ ਦੀ ਸੁਰੱਖਿਆ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ | ਮਿਊਜ਼ੀਅਮ ਦੇ ਸੰਸਥਾਪਕ ਅਤੇ ਨਕਸ਼ਾ ਨਵੀਸ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੀਮਿਤ ਸ੍ਰੋਤਾਂ ਨਾਲ ਇਸ ਇਤਿਹਾਸਕ ਖ਼ਜ਼ਾਨੇ ਨੂੰ ਸੰਭਾਲ ਰਹੇ ਹਨ | ਉਨ੍ਹਾਂ ਕਿਹਾ ਕਿ ਆਰਥਿਕ ਤੰਗੀ ਕਾਰਨ ਲਗਾਏ ਗਏ ਸੀ. ਸੀ. ਟੀ. ਵੀ. ਕੈਮਰੇ ਵੀ ਖ਼ਰਾਬ ਪਏ ਹਨ, ਜਿਸ ਨਾਲ ਸੁਰੱਖਿਆ ਪ੍ਰਬੰਧ ਕਾਫ਼ੀ ਕਮਜ਼ੋਰ ਹੋ ਚੁੱਕੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਮਿਊਜ਼ੀਅਮ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੁੜੇ ਦਿ੍ਸ਼ ਤਿਆਰ ਕੀਤੇ ਗਏ ਹਨ ਤਾਂ ਜੋ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ | ਉਨ੍ਹਾਂ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਤੋਂ ਮਿਊਜ਼ੀਅਮ ਦੀ ਸੁਰੱਖਿਆ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਇਸ ਅਹਿਮ ਧਾਰਮਿਕ ਤੇ ਇਤਿਹਾਸਕ ਸਥਾਨ ਨੂੰ ਸੰਭਾਲਿਆ ਜਾ ਸਕੇ | ਇਸ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫ਼ਿਲਹਾਲ ਅਧਿਕਾਰਤ ਤੌਰ 'ਤੇ ਉਕਤ ਮਾਮਲੇ ਸੰਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ | ਉਨ੍ਹਾਂ ਦੱਸਿਆ ਕਿ ਉਕਤ ਅਜਾਇਬ ਘਰ ਨਿੱਜੀ ਤੌਰ 'ਤੇ ਤਿਆਰ ਕੀਤਾ ਗਿਆ ਹੈ, ਜੋ ਕਿ ਅਜੇ ਸਰਕਾਰੀ ਇਮਾਰਤਾਂ ਦੀ ਸ਼੍ਰੇਣੀ ਵਿਚ ਨਹੀਂ ਆਉਂਦਾ ਅਤੇ ਨਾ ਹੀ ਕਿਸੇ ਧਾਰਮਿਕ ਸੰਸਥਾ ਵਲੋਂ ਚਲਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਰਾਤ ਮੌਕੇ ਸ਼ਰਾਰਤੀ ਅਨਸਰ ਸ਼ਰਾਬ ਆਦਿ ਦੇ ਪ੍ਰਭਾਵ ਹੇਠ ਆ ਕੇ ਅਜਿਹੀਆਂ ਹਰਕਤਾਂ ਕਰ ਦਿੰਦੇ ਹਨ, ਜਿਨ੍ਹਾਂ ਨੂੰ ਠੱਲ੍ਹ ਪਾਉਣ ਲਈ ਰਾਤ ਮੌਕੇ ਪੀ. ਸੀ. ਆਰ. ਪਾਰਟੀ ਦੀ ਗਸ਼ਤ ਵਧਾ ਦਿੱਤੀ ਗਈ ਹੈ |