ਜ਼ੀਰਕਪੁਰ, 7 ਅਪ੍ਰੈਲ (ਮਨਿੰਦਰ ਸਿੰਘ)-ਸ਼ਹਿਰ ਦੇ ਲੋਹਗੜ੍ਹ ਖੇਤਰ 'ਚ ਸੋਮਵਾਰ ਨੂੰ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਦੋ ਨੌਜਵਾਨਾਂ ਨੇ ਖ਼ੁਦਕੁਸ਼ੀ ਕਰ ਲਈ | ਪੁਲਿਸ ਨੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਡੇਰਾਬੱਸੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ | ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ | ਪਹਿਲੀ ਘਟਨਾ ਦੌਰਾਨ ਪਿੰਡ ਲੋਹਗੜ੍ਹ ਵਿਖੇ ਕਿਰਾਏ ਦੇ ਕਮਰੇ 'ਚ ਰਹਿੰਦੇ ਵਿਕਾਸ ਸਿੰਘ ਨਾਂਅ ਦੇ ਇਕ ਨੌਜਵਾਨ ਨੇ ਫਾਹਾ ਲਗਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ | ਪੁਲਿਸ ਅਨੁਸਾਰ ਵਿਕਾਸ ਸਿੰਘ ਦੋ ਦਿਨ ਪਹਿਲਾਂ ਹੀ ਇੱਥੇ ਆ ਕੇ ਰਹਿਣ ਲੱਗਿਆ ਸੀ, ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਸੀ | ਪੁਲਿਸ ਨੂੰ ਸ਼ਾਮ ਦੇ 5 ਵਜੇ ਦੇ ਕਰੀਬ ਸੂਚਨਾ ਮਿਲੀ, ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਪੁਲਿਸ ਨੂੰ ਕਮਰੇ 'ਚੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ, ਪਰ ਕੋਈ ਸੁਸਾਈਡ ਨੋਟ ਨਹੀਂ ਮਿਲਿਆ | ਦੂਜੀ ਘਟਨਾ ਪਿੰਡ ਲੋਹਗੜ੍ਹ ਦੀ ਗੋਲਡਨ ਇਨਕਲੇਵ ਕਾਲੋਨੀ ਵਿਖੇ ਵਾਪਰੀ, ਜਿੱਥੇ ਕਿ ਸਤੀਸ਼ ਰਾਣਾ ਨਾਮਕ ਇਕ ਨੌਜਵਾਨ ਨੇ ਆਪਣੇ ਘਰ ਵਿਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਦੱਸਿਆ ਜਾ ਰਿਹਾ ਹੈ ਕਿ ਸਤੀਸ਼ ਆਪਣੇ ਪਰਿਵਾਰ ਨਾਲ ਜ਼ੀਰਕਪੁਰ ਵਿਖੇ ਰਹਿੰਦਾ ਸੀ, ਜਦਕਿ ਉਸ ਦਾ ਅਸਲ ਘਰ ਹਰਿਆਣਾ ਦੇ ਜੀਂਦ ਜ਼ਿਲ੍ਹੇ ਵਿਚ ਸਥਿਤ ਹੈ | ਘਟਨਾ ਸਮੇਂ ਪਰਿਵਾਰ ਦੇ ਹੋਰ ਮੈਂਬਰ ਵੀ ਘਰ ਅੰਦਰ ਹੀ ਮੌਜੂਦ ਸਨ | ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਦੇ ਅਨੁਸਾਰ ਖ਼ੁਦਕੁਸ਼ੀਆਂ ਦੇ ਕਾਰਨ ਫ਼ਿਲਹਾਲ ਸਪੱਸ਼ਟ ਨਹੀਂ ਹੋ ਸਕੇ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਵਾਂ ਮਾਮਲਿਆਂ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਬਾਰੇ ਪਤਾ ਚੱਲ ਸਕੇਗਾ |