ਫਗਵਾੜਾ, 7 ਅਪੈ੍ਰਲ (ਹਰਜੋਤ ਸਿੰਘ ਚਾਨਾ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਆਰੰਭੀ ਮੁਹਿੰਮ ਤਹਿਤ ਅੱਜ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਵਿਅਕਤੀ ਤੇ ਇਕ ਮਹਿਲਾ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 16.8 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ | ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ਦੇ ਆਧਾਰ 'ਤੇ ਪੁਲਿਸ ਨੇ ਐਸ.ਪੀ. ਮਾਧਵੀ ਸ਼ਰਮਾ ਦੀ ਅਗਵਾਈ 'ਚ ਮੇਹਟਾਂ-ਮੇਹਲੀ ਬਾਈਪਾਸ ਤੇ ਅੰਮਿ੍ਤਸਰ ਸਾਈਡ ਤੋਂ ਆਈ ਬਲੈਨੋ ਗੱਡੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਨ੍ਹਾਂ ਗੱਡੀ ਭਜਾ ਲਈ ਤੇ ਪੁਲਿਸ ਪਾਰਟੀ 'ਤੇ ਗੱਡੀ ਚਾੜ੍ਹਨ ਦੀ ਕੋਸ਼ਿਸ਼ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦੀ ਤੇਜ਼ ਰਫ਼ਤਾਰੀ ਗੱਡੀ ਦੇ ਟਾਇਰਾਂ 'ਤੇ ਗੋਲੀਆਂ ਚਲਾ ਕੇ ਇਨ੍ਹਾਂ ਨੂੰ ਰੋਕਿਆ ਤੇ ਕਾਬੂ ਕੀਤਾ | ਗੱਡੀ ਦੀ ਤਲਾਸ਼ੀ ਲੈਣ ਤੋਂ ਇਨ੍ਹਾਂ ਪਾਸੋਂ 16.8 ਕਿੱਲੋ ਹੈਰੋਇਨ ਬਰਾਮਦ ਕੀਤੀ | ਉਨ੍ਹਾਂ ਦੱਸਿਆ ਕਿ ਇਹ ਹੈਰੋਇਨ ਚੰਡੀਗੜ੍ਹ ਦੇ ਖੇਤਰ 'ਚ ਸਪਲਾਈ ਕੀਤੀ ਜਾਣੀ ਸੀ | ਫੜੇ ਗਏ ਵਿਅਕਤੀਆਂ ਦੀ ਪਛਾਣ ਸੁਲਤਾਨਪੁਰ ਲੋਧੀ ਦੇ ਪੰਡੋਰੀ ਮੁਹੱਲਾ ਦੇ ਬਲਵਿੰਦਰ ਸਿੰਘ, ਅੰਮਿ੍ਤਸਰ ਦੇ ਗੋਹਲਵਾਰ ਦੀ ਸੁਮਨਪ੍ਰੀਤ ਕੌਰ, ਅੰਮਿ੍ਤਸਰ ਦੇ ਪਿੰਡ ਦੌਕੇ ਦੇ ਰਹਿਣ ਵਾਲੇ ਹਰਪਾਲ ਸਿੰਘ ਤੇ ਜਸਕਰਨਬੀਰ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਹੈਰੋਇਨ ਦੇ ਨਾਲ ਨਾਲ ਉਨ੍ਹਾਂ ਦੀ ਬਲੈਨੋ ਗੱਡੀ ਵੀ ਬਰਾਮਦ ਕਰ ਲਈ ਹੈ | ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਹ ਨਸ਼ਾ ਤਸਕਰੀ ਪਾਕਿਸਤਾਨ ਤੇ ਦੁਬਈ ਆਧਾਰਿਤ ਹੈਂਡਲਰਾਂ ਦੇ ਇਸ਼ਾਰੇ 'ਤੇ ਚੱਲ ਰਹੀ ਸੀ | ਇਹ ਖੇਪ ਅੰਮਿ੍ਤਸਰ ਸਰਹੱਦੀ ਇਲਾਕੇ ਤੋਂ ਲਿਆਂਦੀ ਗਈ ਸੀ ਤੇ ਇਸ ਨੂੰ ਚੰਡੀਗੜ੍ਹ 'ਚ ਦਿੱਤਾ ਜਾਣਾ ਸੀ | ਪੁਲਿਸ ਨੇ ਇਸ ਸਬੰਧ 'ਚ ਥਾਣਾ ਸਦਰ ਵਿਖੇ ਧਾਰਾ 21 ਸੀ ਐਨ.ਡੀ.ਪੀ.ਐਸ. ਤੇ ਧਾਰਾ 111 ਤਹਿਤ ਕੇਸ ਦਰਜ ਕਰ ਲਿਆ ਹੈ |
ਹੈਰੋਇਨ ਦੀ ਵੱਡੀ ਖੇਪ ਨਾਲ ਮਹਿਲਾ ਸਮੇਤ ਚਾਰ ਕਾਬੂ
ਅਜੀਤ ਡੈਸਕ
08-04-2026