ਜਲੰਧਰ, 7 ਅਪ੍ਰੈਲ (ਸ਼ਿਵ ਸ਼ਰਮਾ)-ਇਸ ਵਾਰ ਬੇਮੌਸਮੀ ਮੀਂਹ ਕਰਕੇ ਜਿੱਥੇ ਫ਼ਸਲਾਂ ਨੂੰ ਕਾਫੀ ਨੁਕਸਾਨ ਪੁੱਜਾ ਹੈ ਦੂਜੇ ਪਾਸੇ ਮੌਸਮ ਵਿਚ ਆਏ ਬਦਲਾਅ ਕਾਰਨ ਸੂਬੇ ਵਿਚ ਬਿਜਲੀ ਦੀ ਮੰਗ ਵਿਚ ਭਾਰੀ ਕਮੀ ਆਈ ਹੈ ਕਿਉਂਕਿ ਕੁੱਝ ਸਾਲਾਂ ਤੋਂ ਜਿਨ੍ਹਾਂ ਦਿਨਾਂ ਵਿਚ ਲਗਾਤਾਰ ਗਰਮੀ ਵਿਚ ਵਾਧਾ ਹੋਣ ਕਰਕੇ ਮਾਰਚ ਮਹੀਨੇ ਤੋਂ ਹੀ ਬਿਜਲੀ ਦੀ ਮੰਗ 10000 ਮੈਗਾਵਾਟ ਤੋਂ ਟੱਪ ਜਾਂਦੀ ਸੀ ਪਰ ਹੁਣ ਅਪ੍ਰੈਲ ਦੇ ਗਰਮੀ ਵਾਲੇ ਮਹੀਨੇ ਵਿਚ ਮੰਗਲਵਾਰ ਨੂੰ ਬਿਜਲੀ ਦੀ ਖਪਤ 7000 ਮੈਗਾਵਾਟ ਦਰਜ ਕੀਤੀ ਗਈ ਹੈ | ਮੌਸਮ ਮਾਹਿਰਾਂ ਮੁਤਾਬਕ ਮਾਰਚ ਤੋਂ ਬਾਅਦ ਅਪ੍ਰੈਲ ਮਹੀਨੇ ਵਿਚ ਵੀ ਮੌਸਮ ਵਿਚ ਬਦਲਾਅ ਕਾਰਨ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਸੀ ਜਿਸ ਕਰਕੇ ਹੁਣ ਮੌਸਮ ਵਿਚ ਬਦਲਾਅ ਹੋਇਆ ਹੈ ਤਾਂ ਬਿਜਲੀ ਦੀ ਮੰਗ ਕਾਫੀ ਡਿਗ ਗਈ ਹੈ | ਫਰਵਰੀ ਦੇ ਪਹਿਲੇ ਹਫ਼ਤਿਆਂ ਵਿਚ ਬਿਜਲੀ ਦੀ ਮੰਗ ਗਰਮੀ ਵਧਣ ਕਾਰਨ ਜਿੱਥੇ 10000 ਮੈਗਾਵਾਟ ਤੱਕ ਪੁੱਜ ਜਾਣ ਕਾਰਨ ਪਾਵਰਕਾਮ ਦੇ ਪਹਿਲਾਂ ਹੀ ਪਸੀਨੇ ਨਿਕਲਣੇ ਸ਼ੁਰੂ ਹੋ ਗਏ ਸਨ ਪਰ ਮਾਰਚ ਤੋਂ ਬਾਅਦ ਅਪ੍ਰੈਲ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿਚ ਵੀ ਬਿਜਲੀ ਦੀ ਮੰਗ ਵਿਚ ਹੋਰ ਕਮੀ ਆ ਗਈ ਹੈ | ਮੌਸਮ ਮਾਹਿਰਾਂ ਮੁਤਾਬਕ ਕੁੱਝ ਦਿਨਾਂ ਤੱਕ ਠੰਢਾ ਰਹਿਣ ਨਾਲ ਬਿਜਲੀ ਦੀ ਮੰਗ 10000 ਮੈਗਾਵਾਟ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ | ਕੁੱਝ ਦਿਨਾਂ ਤੋਂ ਮੌਸਮ ਠੰਢਾ ਰਹਿਣ ਕਾਰਨ ਪਾਵਰਕਾਮ ਵਲੋਂ ਸਿਰਫ਼ ਸੂਬੇ ਦੇ ਆਪਣੇ ਪਲਾਂਟਾਂ ਤੋਂ ਹੀ ਬਿਜਲੀ ਦੀ ਸਪਲਾਈ ਕੀਤੀ ਜਾ ਰਹੀ ਹੈ ਜਦ ਕਿ ਬਾਹਰੀ ਸਰੋਤਾਂ ਤੋਂ ਕਾਫੀ ਘੱਟ ਮਾਤਰਾ ਵਿਚ ਬਿਜਲੀ ਲਈ ਜਾ ਰਹੀ ਹੈ | ਮਾਰਚ ਦੀ ਤਰ੍ਹਾਂ ਪਾਵਰਕਾਮ ਨੂੰ ਮਹਿੰਗੀ ਬਿਜਲੀ ਖ਼ਰੀਦ ਤੋਂ ਅਪ੍ਰੈਲ ਦੇ ਕੁੱਝ ਦਿਨਾਂ ਤੱਕ ਰਾਹਤ ਮਿਲਣ ਦੀ ਸੰਭਾਵਨਾ ਹੈ ਪਰ ਦੂਜੇ ਪਾਸੇ ਮੌਸਮ ਮਾਹਿਰਾਂ ਵਲੋਂ ਮਈ, ਜੂਨ ਦੇ ਮਹੀਨੇ ਵੀ ਭਾਰੀ ਗਰਮੀ ਦੀ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਵਾਰ ਭਾਰੀ ਗਰਮੀ ਪੈਣ ਨਾਲ ਦੇਸ਼ ਵਿਚ ਬਿਜਲੀ ਦੀ ਮੰਗ 270 ਗੀਗਾਵਾਟ ਤੱਕ ਪੁੱਜਣ ਦੀ ਸੰਭਾਵਨਾ ਹੈ | ਸੂਤਰਾਂ ਮੁਤਾਬਕ ਮਈ, ਜੂਨ ਵਿਚ ਜਦੋਂ ਕਹਿਰ ਦੀ ਗਰਮੀ ਕਾਰਨ ਬਿਜਲੀ ਦੀ ਰਿਕਾਰਡ ਮੰਗ ਹੋਵੇਗੀ ਤਾਂ ਉਸ ਵੇਲੇ ਬਿਜਲੀ ਐਕਸਚੇਂਜ ਵਿਚ ਪੂਰੀ ਬਿਜਲੀ ਲੈਣ ਲਈ ਵੀ ਪਾਵਰਕਾਮ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਜੇਕਰ ਮੌਸਮ ਮਾਹਿਰਾਂ ਮੁਤਾਬਕ ਮਈ, ਜੂਨ ਵਿਚ ਭਾਰੀ ਗਰਮੀ ਪੈਂਦੀ ਹੈ ਤਾਂ ਬਿਜਲੀ ਦੀ ਰਿਕਾਰਡ ਤੋੜ ਮੰਗ ਨਾਲ ਬਿਜਲੀ ਐਕਸਚੇਂਜ ਵਿਚ ਵੀ ਬਿਜਲੀ ਦੀ ਭਾਰੀ ਕਮੀ ਦੇਖਣ ਨੂੰ ਮਿਲ ਸਕਦੀ ਹੈ | ਉਂਝ ਪੰਜਾਬ ਵਿਚ ਇਸ ਵਾਰ ਝੋਨੇ ਦੇ ਸੀਜ਼ਨ ਵਿਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਨੂੰ ਛੂਹ ਜਾਣ ਦੀ ਸੰਭਾਵਨਾ ਹੈ | ਇਸ ਸਾਲ ਫਰਵਰੀ ਮਹੀਨੇ ਵਿਚ ਹੀ ਗਰਮੀ ਨੇ ਆਪਣਾ ਅਸਲ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ ਤਾਂ ਉਸ ਵੇਲੇ ਹੀ ਗਰਮੀ ਦੀ ਮੰਗ 10 ਹਜ਼ਾਰ ਮੈਗਾਵਾਟ ਤੱਕ ਪੁੱਜ ਗਈ ਸੀ ਤਾਂ ਇਸ ਤੋਂ ਬਾਅਦ ਮੌਸਮ ਵਿਚ ਬਦਲਾਅ ਕਾਰਨ ਬਿਜਲੀ ਦੀ ਮੰਗ ਘਟਣੀ ਸ਼ੁਰੂ ਹੋਈ ਸੀ |
ਬਦਲੇ ਮੌਸਮ ਨਾਲ ਸੂਬੇ 'ਚ 7000 ਮੈਗਾਵਾਟ 'ਤੇ ਆਈ ਬਿਜਲੀ ਦੀ ਖਪਤ <br/>
ਅਜੀਤ ਡੈਸਕ
08-04-2026