ਐੱਸ. ਏ. ਐੱਸ. ਨਗਰ, 7 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਕਮੇਟੀ ਆਫ਼ ਰੈਜ਼ੀਡੈਂਸ ਵੈੱਲਫ਼ੇਅਰ ਐਸੋਸੀਏਸ਼ਨ ਅਤੇ ਸੁਸਾਇਟੀਜ਼ ਦੇ ਆਗੂਆਂ ਰਾਜਵਿੰਦਰ ਸਿੰਘ, ਪਾਲ ਸਿੰਘ ਰੱਤੂ, ਭੁਪਿੰਦਰ ਸਿੰਘ ਸੈਣੀ, ਸਮਿਕਸ਼ਾ ਸੂਦ, ਸੁਖਜਿੰਦਰ ਸਿੰਘ, ਐਡਵੋਕੇਟ ਗੌਰਵ ਗੋਇਲ ਅਤੇ ਅਨਿਲ ਪ੍ਰਾਸ਼ਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਤੋਂ ਟੀ. ਡੀ. ਆਈ. ਬਿਲਡਰ ਵਲੋਂ ਪੀ. ਆਰ. 6 ਸੜਕ ਦੀ ਜ਼ਮੀਨ ਸੀ. ਐਲ. ਯੂ. ਅਤੇ ਸੈਕਸ਼ਨ 11 ਹੋਣ ਤੋਂ ਬਾਅਦ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਵੇਚ ਕੇ ਵੱਧ ਮੁਆਵਜ਼ਾ ਲਿਆ ਗਿਆ ਹੈ ਅਤੇ ਅਸ਼ਟਾਮ ਡਿਊਟੀ 'ਚ ਸਰਕਾਰ ਨੂੰ ਰਗੜਾ ਲਗਾਇਆ ਗਿਆ ਹੈ, ਦੇ ਮਾਮਲੇ ਦੀ ਜਾਂਚ ਵਿਜੀਲੈਂਸ ਤੋਂ ਕਰਵਾ ਕੇ ਬਿਲਡਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਆਗੂਆਂ ਨੇ ਕਿਹਾ ਕਿ ਬਿਲਡਰ ਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਸੀ ਕਿ ਸੀ. ਐਲ. ਯੂ. ਅਤੇ ਸੈਕਸ਼ਨ-11 ਹੋਣ ਤੋਂ ਬਾਅਦ ਇਸ ਜ਼ਮੀਨ ਨੂੰ ਵੇਚਿਆ ਨਹੀਂ ਜਾ ਸਕਦਾ, ਪਰ ਬਿਲਡਰ ਨੇ ਸਾਰੀ ਜਾਣਕਾਰੀ ਹੋਣ ਦੇ ਬਾਵਜੂਦ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਇਹ ਸਭ ਕੁਝ ਕੀਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿਚ ਅਧਿਕਾਰੀਆਂ ਦੀ ਮਿਲੀਭੁਗਤ ਦੀ ਵੀ ਜਾਂਚ ਕਰਵਾਈ ਜਾਵੇ ਕਿ ਇਸ ਮਾਮਲੇ ਵਿਚ ਰੈਵੀਨਿਊ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹਨ ਜਾਂ ਗਮਾਡਾ ਦੇ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੈ | ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿਚ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਅਧਿਕਾਰੀ ਖ਼ਿਲਾਫ਼ ਵੀ ਸਖਤ ਕਾਰਵਾਈ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਟੀ. ਡੀ. ਆਈ. ਬਿਲਡਰ ਸਮੇਤ ਮੁਹਾਲੀ ਦੇ ਕਈ ਹੋਰ ਬਿਲਡਰ ਵੀ ਅਧਿਕਾਰੀਆਂ ਨਾਲ ਮਿਲ ਕੇ ਮੁਆਵਜ਼ੇ ਸੰਬੰਧੀ ਨਿਯਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ | ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀ. ਜੀ. ਪੀ ਤੋਂ ਤੁਰੰਤ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਹੈ |