ਚੰਡੀਗੜ੍ਹ, 7 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਦੋਰਾਹਾ ਵਿਖੇ 2019 ਵਿਚ ਸਾਢੇ ਸੱਤ ਸਾਲਾ ਬੱਚੀ ਨਾਲ ਦੁਰਵਿਵਹਾਰ ਅਤੇ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਦੋ ਵਿਅਕਤੀਆਂ ਦੀ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਹੈ | ਅਦਾਲਤ ਨੇ ਟ੍ਰਾਇਲ ਦੌਰਾਨ ਗੰਭੀਰ ਪ੍ਰਕਿਰਿਆਤਮਕ ਖ਼ਾਮੀਆਂ ਪਾਈਆਂ, ਜਿਸ ਕਾਰਨ ਪੂਰਾ ਟ੍ਰਾਇਲ ਪ੍ਰਭਾਵਿਤ ਹੋਇਆ | ਹਾਈ ਕੋਰਟ ਨੇ ਕੜੀ ਟਿੱਪਣੀ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਨਿਆਂਸੰਗਤ ਮੌਕਾ ਨਹੀਂ ਮਿਲਿਆ | ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਸੁਖਵਿੰਦਰ ਕੌਰ ਦੀ ਬੈਂਚ ਨੇ ਆਪਣੇ ਫੈਸਲੇ 'ਚ ਕਿਹਾ ਕਿ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਗੰਭੀਰ ਗ਼ਲਤੀਆਂ ਹੋਈਆਂ | ਅਦਾਲਤ ਨੇ ਕਿਹਾ ਕਿ ਇਹ ਪ੍ਰਾਵਧਾਨ ਸਿਰਫ਼ ਰਸਮੀ ਕਾਰਵਾਈ ਨਹੀਂ, ਸਗੋਂ ਦੋਸ਼ੀ ਨੂੰ ਆਪਣੇ ਖ਼ਿਲਾਫ਼ ਸਬੂਤਾਂ 'ਤੇ ਸਫ਼ਾਈ ਦੇਣ ਦਾ ਮੁੱਢਲਾ ਅਧਿਕਾਰ ਦਿੰਦਾ ਹੈ | ਅਦਾਲਤ ਨੇ ਮਾਮਲੇ ਨੂੰ ਮੁੜ ਸੈਸ਼ਨ ਅਦਾਲਤ ਕੋਲ ਭੇਜਦਿਆਂ ਹੁਕਮ ਦਿੱਤਾ ਕਿ ਦੋਸ਼ੀਆਂ ਦੇ ਬਿਆਨ ਮੁੜ ਦਰਜ ਕੀਤੇ ਜਾਣ ਅਤੇ ਟਰਾਇਲ ਨੂੰ ਉਸੇ ਪੜਾਅ ਤੋਂ ਮੁੜ ਸ਼ੁਰੂ ਕੀਤਾ ਜਾਵੇ | ਹਾਲਾਂਕਿ ਮਰਡਰ ਰਿਫਰੈਂਸ ਅਤੇ ਅਪੀਲਾਂ ਨੂੰ ਅੰਤਿਮ ਫੈਸਲੇ ਤੱਕ ਲੰਬਿਤ ਰੱਖਿਆ ਗਿਆ ਹੈ ਅਤੇ ਦੋਸ਼ੀ ਨਿਆਂਇਕ ਹਿਰਾਸਤ 'ਚ ਹੀ ਰਹਿਣਗੇ |