ਆਨਲਾਈਨ ਸੱਟੇਬਾਜ਼ੀ ਦਾ ਰੈਕਟ ਚਲਾਉਣ ਦੇ ਦੋਸ਼ ਹੇਠ ਮੁਲਜ਼ਮ ਗਿ੍ਫ਼ਤਾਰ
ਅਜੀਤ ਡੈਸਕ
09-04-2026
ਜ਼ੀਰਕਪੁਰ, 8 ਅਪ੍ਰੈਲ (ਮਨਿੰਦਰ ਸਿੰਘ)-ਢਕੌਲੀ ਪੁਲਿਸ ਨੇ ਕਾਰ 'ਚ ਹੀ ਲੈਪਟਾਪ ਤੇ ਮੋਬਾਈਲ ਫ਼ੋਨ ਦੀ ਵਰਤੋਂ ਕਰਕੇ ਸੱਟੇਬਾਜ਼ੀ ਦਾ ਰੈਕਟ ਚਲਾਉਣ ਦੇ ਦੋਸ਼ ਹੇਠ ਇਕ ਮੁਲਜ਼ਮ ਵਿਰੁੱਧ ਕੇਸ ਦਰਜ ਕੀਤਾ ਹੈ, ਜਿਸ ਦੀ ਪਛਾਣ ਸ਼ਿਵਾ ਭਾਟੀਆ ਵਾਸੀ ਮੈਟਰੋ ਟਾਊਨ ਪੀਰਮੁਛੱਲਾ (ਜ਼ੀਰਕਪੁਰ) ਵਜੋਂ ਹੋਈ ਹੈ | ਪੁਲਿਸ ਅਨੁਸਾਰ ਡਿਊਟੀ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਿਵਾ ਭਾਟੀਆ ਢਕੌਲੀ ਦੇ ਹੋਟਲ ਡਰੀਮ ਨੇੜੇ ਇਕ ਖਾਲੀ ਜਗ੍ਹਾ ਵਿਚ ਆਪਣੀ ਕਾਰ 'ਚੋਂ ਹੀ ਸੱਟੇਬਾਜ਼ੀ ਦਾ ਰੈਕਟ ਚਲਾ ਰਿਹਾ ਹੈ | ਉਹ ਆਪਣੇ ਲੈਪਟਾਪ ਤੇ ਮੋਬਾਈਲ ਫ਼ੋਨ ਰਾਹੀਂ ਹੀ ਲੋਕਾਂ ਨੂੰ ਜ਼ਿਆਦਾ ਮੁਨਾਫ਼ੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਸੱਟਾ ਲਗਾਉਣ ਲਈ ਮਜ਼ਬੂਰ ਕਰਦਾ ਹੈ | ਇਸ ਸੂਚਨਾ ਦੇ ਆਧਾਰ 'ਤੇ ਇਕ ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਤੇ ਉਸ ਵਿਰੁੱਧ ਪੰਜਾਬ ਜੂਆ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੇ ਦੱਸਿਆ ਕਿ ਮੁਲਜ਼ਮ ਲੰਬੇ ਸਮੇਂ ਤੋਂ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਿਲ ਸੀ ਤੇ ਲੋਕਾਂ ਨੂੰ ਧੋਖਾ ਦੇ ਰਿਹਾ ਸੀ | ਫ਼ਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਰੈਕਟ 'ਚ ਸ਼ਾਮਿਲ ਹੋਰਨਾਂ ਵਿਅਕਤੀਆਂ ਦੀ ਪਛਾਣ ਕਰਨ 'ਚ ਜੁਟੀ ਹੋਈ ਹੈ |