ਐੱਸ. ਏ. ਐੱਸ. ਨਗਰ, 8 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਭਾਜਪਾ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਦੀ ਮੈਂਬਰ ਅਮਨਜੋਤ ਕੌਰ ਰਾਮੂਵਾਲੀਆ ਨੇ ਪੰਜਾਬ ਸਰਕਾਰ 'ਤੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਬੇਮੌਸਮੀ ਬਾਰਸ਼ ਅਤੇ ਗੜ੍ਹੇਮਾਰੀ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਸਰਕਾਰ ਵਲੋਂ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ | ਉਨ੍ਹਾਂ ਪੰਜਾਬ ਵਿਚ ਬੇਮੌਸਮੀ ਮੀਂਹ ਅਤੇ ਗੜ੍ਹੇਮਾਰੀ ਨਾਲ ਫ਼ਸਲੀ ਨੁਕਸਾਨ 'ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਸੂਬੇ ਦੇ ਕਿਸਾਨ ਇਸ ਸਮੇਂ ਭਾਰੀ ਸੰਕਟ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਲਗਭਗ 1.25 ਲੱਖ ਏਕੜ ਵਿਚ ਫ਼ਸਲ ਦਾ ਨੁਕਸਾਨ ਹੋਇਆ ਹੈ ਅਤੇ ਘੱਟੋ-ਘੱਟ 7 ਜ਼ਿਲਿ੍ਹਆਂ ਵਿਚ ਹਾਲਾਤ ਬਹੁਤ ਗੰਭੀਰ ਬਣੇ ਹੋਏ ਹਨ | ਮੰਡੀਆਂ ਵਿਚ ਫ਼ਸਲ ਦੀ ਆਮਦ ਸ਼ੁਰੂ ਹੋਣ ਦੇ ਬਾਵਜੂਦ ਖੁੱਲ੍ਹੇ ਅਸਮਾਨ ਹੇਠਾਂ ਪਈ ਫ਼ਸਲ ਮੀਂਹ ਨਾਲ ਭਿੱਜ ਕੇ ਖ਼ਰਾਬ ਹੋ ਰਹੀ ਹੈ, ਜਿਸ ਨਾਲ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਬਰਬਾਦ ਹੋ ਰਹੀ ਹੈ | ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਇਸ ਮਾਮਲੇ 'ਤੇ ਪੰਜਾਬ ਸਰਕਾਰ ਨੂੰ ਸਖ਼ਤ ਸ਼ਬਦਾਂ 'ਚ ਘੇਰਦਿਆਂ ਕਿਹਾ ਕਿ ਮੰਡੀਆਂ ਦੀ ਖ਼ਸਤਾ ਹਾਲਤ ਅਤੇ ਸ਼ੈੱਡਾਂ ਦੀ ਭਾਰੀ ਕਮੀ ਸਰਕਾਰ ਦੀ ਨਾਕਾਮੀ ਦਾ ਸਿੱਧਾ ਸਬੂਤ ਹੈ |