ਚੰਡੀਗੜ੍ਹ, 12 ਅਪ੍ਰੈਲ (ਸੰਦੀਪ ਕੁਮਾਰ ਮਾਹਨਾ) -ਸ਼ਹਿਰ ਦੇ ਪਾਰਕਾਂ 'ਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਦੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸੈਕਟਰ 20 ਤੇ 30 'ਚ ਨਵੇਂ ਲਾਈਟਿੰਗ ਪ੍ਰੋਜੈਕਟ ਦਾ ਉਦਘਾਟਨ ਕੀਤਾ, ਜਿਸ ਨਾਲ ਰਾਤ ਦੇ ਸਮੇਂ ਵੀ ਪਾਰਕ ਵਰਤੋਂ ਯੋਗ ਬਣਨਗੇ | ਇਸ ਮੌਕੇ ਇਲਾਕਾ ਕੌਂਸਲਰ ਤਰੁਣਾ ਮਹਿਤਾ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਅਤੇ ਇਲਾਕਾ ਨਿਵਾਸੀ ਮੌਜੂਦ ਸਨ | ਇਸ ਪ੍ਰੋਜੈਕਟ ਤਹਿਤ ਸੈਕਟਰ 20 ਅਤੇ 30 ਦੇ ਕੁੱਲ 11 ਮੁਹੱਲਾ ਪਾਰਕਾਂ 'ਚ 35 ਗਾਰਡਨ ਲਾਈਟ ਪੋਲ ਲਗਾਏ ਗਏ ਹਨ, ਜਿਸ ਨਾਲ ਸ਼ਾਮ ਦੇ ਸਮੇਂ ਪਾਰਕਾਂ ਵਿਚ ਰੌਸ਼ਨੀ ਦੀ ਸਹੂਲਤ 'ਚ ਵੱਡਾ ਸੁਧਾਰ ਆਇਆ ਹੈ | ਇਸ ਤੋਂ ਇਲਾਵਾ ਇੱਕ ਵੱਡੇ ਪਾਰਕ ਵਿਚ 9 ਮੀਟਰ ਉਚਾਈ ਵਾਲੇ ਤਿੰਨ ਹਾਈ-ਮਾਸਟ ਪੋਲ ਵੀ ਲਗਾਏ ਗਏ ਹਨ, ਜਿਨ੍ਹਾਂ 'ਤੇ 6-6 ਫ਼ਲੱਡ ਲਾਈਟਾਂ ਲਗਾਈਆਂ ਗਈਆਂ ਹਨ ਤਾਂ ਜੋ ਪੂਰੇ ਇਲਾਕੇ ਨੂੰ ਪੂਰੀ ਰੌਸ਼ਨੀ ਮਿਲ ਸਕੇ | ਕਰੀਬ 13 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਨਾਗਰਿਕਾਂ ਲਈ ਸੁਰੱਖਿਅਤ, ਸੁਵਿਧਾਜਨਕ ਜਨਤਕ ਥਾਂ ਤਿਆਰ ਕਰਨ ਵੱਲ ਇਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ | ਇਸ ਨਾਲ ਨਾ ਸਿਰਫ਼ ਪਾਰਕਾਂ ਦੀ ਵਰਤੋਂ ਵਧੇਗੀ, ਸਗੋਂ ਸਮਾਜਿਕ ਤੇ ਮਨੋਰੰਜਕ ਗਤੀਵਿਧੀਆਂ ਨੂੰ ਵੀ ਉਤਸ਼ਾਹ ਮਿਲੇਗਾ | ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਪਾਰਕਾਂ 'ਚ ਵਧਿਆ ਰੌਸ਼ਨੀ ਹੋਣ ਨਾਲ ਲੋਕਾਂ ਦੀ ਸੁਰੱਖਿਆ ਯਕੀਨੀ ਬਣਦੀ ਹੈ ਅਤੇ ਲੋਕਾਂ ਨੂੰ ਸਵੇਰ-ਸ਼ਾਮ ਵਧੇਰੇ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ 'ਚ ਇਸ ਤਰਾਂ ਦੇ ਹੋਰ ਵੀ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ ਤਾਂ ਜੋ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਮਿਲ ਸਕਣ | ਇਲਾਕਾ ਨਿਵਾਸੀਆਂ ਨੇ ਇਸ ਉਪਰਾਲੇ ਦੀ ਖੂਬ ਸਰਾਹਨਾ ਕਰਦਿਆਂ ਕਿਹਾ ਕਿ ਹੁਣ ਪਾਰਕਾਂ ਵਿਚ ਰਾਤ ਦੇ ਸਮੇਂ ਵੀ ਬਿਨਾਂ ਡਰ ਦੇ ਟਹਿਲਿਆ ਜਾ ਸਕੇਗਾ ਅਤੇ ਬੱਚੇ ਵੀ ਆਸਾਨੀ ਨਾਲ ਖੇਡ ਸਕਣਗੇ |