ਐੱਸ. ਏ. ਐੱਸ. ਨਗਰ, 15 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਸੀ. ਬੀ. ਐੱਸ. ਈ. ਵਲੋਂ 10ਵੀਂ ਸ਼੍ਰੇਣੀ ਦੀ ਅਕਾਦਮਿਕ ਸਾਲ 2025-26 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ ਵਿਚ ਮੁਹਾਲੀ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ | ਇਸ ਸਾਲ ਵੀ ਜ਼ਿਆਦਾਤਰ ਸਕੂਲਾਂ ਵਿਚ ਲੜਕੀਆਂ ਨੇ ਲੜਕਿਆਂ ਨੂੰ ਪਛਾੜ ਦਿੱਤਾ | ਮੁਹਾਲੀ ਦੇ ਵੱਖ-ਵੱਖ ਸਕੂਲਾਂ ਦੇ ਜ਼ਿਆਦਾਤਰ ਪ੍ਰੀਖਿਆਰਥੀਆਂ ਨੇ 90 ਫ਼ੀਸਦੀ ਤੋਂ 99.8 ਫ਼ੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ | ਸ਼ਾਨਦਾਰ ਨਤੀਜੇ ਆਉਣ 'ਤੇ ਸਕੂਲਾਂ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਵਲੋਂ ਮਠਿਆਈਆਂ ਵੰਡ ਕੇ ਸਫ਼ਲਤਾ ਦਾ ਜਸ਼ਨ ਮਨਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਾਨਵ ਮੰਗਲ ਸਮਾਰਟ ਸਕੂਲ ਦਾ ਸੀ. ਬੀ. ਐਸ. ਈ. ਦੀ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਇਸ ਸਕੂਲ ਦੀ ਵਿਦਿਆਰਥਣ ਚਾਰਵੀ ਅਗਰਵਾਲ ਨੇ 99.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਸਕੂਲ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਲੈ ਕੇ 99.8 ਫ਼ੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਸ਼ਿਵਾਲਿਕ ਸਕੂਲ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ ਅਤੇ ਵਿਦਿਆਰਥੀ ਸੁਖਮਨਜੋਤ ਸਿੰਘ ਨੇ 99.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸ ਸਕੂਲ ਦੇ ਪ੍ਰੀਖਿਆ ਦੇਣ ਵਾਲੇ ਕੁੱਲ 172 ਵਿਦਿਆਰਥੀਆਂ 'ਚੋਂ ਜ਼ਿਆਦਾਤਰ ਨੇ 90 ਫ਼ੀਸਦੀ ਤੋਂ ਲੈ ਕੇ 99.6 ਫ਼ੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਸ਼ੈਮਰਾਕ ਸਕੂਲ ਦੀ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਵਿਦਿਆਰਥਣ ਅਨੁਸ਼ਕਾ ਗੁਪਤਾ ਨੇ 98.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ, ਜਦਕਿ ਸਕੂਲ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ 98.8 ਫ਼ੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਗਿਆਨ ਜੋਤੀ ਗਲੋਬਲ ਸਕੂਲ ਦਾ ਵੀ 10ਵੀਂ ਸ਼ੇ੍ਰਣੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ ਅਤੇ ਵਿਦਿਆਰਥੀ ਉਤਕਰਸ਼ ਕੰਠਵਾਲ ਨੇ 97.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਜ਼ਿਆਦਾਤਰ ਵਿਦਿਆਰਥੀਆਂ ਨੇ 90 ਤੋਂ 97.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ ਵੀ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਵਿਦਿਆਰਥਣ ਧੀਰਿਆ ਵਰਮਾ ਨੇ 97.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦਕਿ ਜ਼ਿਆਦਾਤਰ ਵਿਦਿਆਰਥੀਆਂ ਨੇ 90 ਤੋਂ 97.2 ਫ਼ੀਸਦੀ ਤੱਕ ਅੰਕ ਪ੍ਰਾਪਤ ਕੀਤੇ ਹਨ |
ਮਾਨਵ ਮੰਗਲ ਸਮਾਰਟ ਵਰਲਡ ਸਕੂਲ ਦੇ ਵਿਦਿਆਰਥੀਆਂ ਵਲੋਂ ਸੀ. ਬੀ. ਐਸ. ਈ. 10ਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ
ਜ਼ੀਰਕਪੁਰ, (ਹੈਪੀ ਪੰਡਵਾਲਾ)-ਸੀ. ਬੀ. ਐਸ. ਈ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਇਥੋਂ ਦੇ ਮਾਨਵ ਮੰਗਲ ਸਮਾਰਟ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ | ਸੈਸ਼ਨ 2025-26 ਦੇ ਇਨ੍ਹਾਂ ਨਤੀਜਿਆਂ 'ਚ ਸਕੂਲ ਦਾ ਕੁੱਲ ਨਤੀਜਾ ਸ਼ਾਨਦਾਰ ਰਿਹਾ | ਇਸ ਬਾਬਤ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਖ਼ਤ ਮਿਹਨਤ, ਅਨੁਸ਼ਾਸਨ ਤੇ ਲਗਨ ਸਦਕਾ ਉੱਚੇ ਅੰਕ ਪ੍ਰਾਪਤ ਕੀਤੇ ਹਨ | ਉਨ੍ਹਾਂ ਕਿਹਾ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ 99 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਮਿਸਾਲ ਕਾਇਮ ਕੀਤੀ ਹੈ | ਸਕੂਲ਼ ਵਲੋਂ ਸਾਂਝੀ ਕੀਤੀ ਟਾਪਰ ਵਿਦਿਆਰਥੀਆਂ ਦੀ ਸੂਚੀ 'ਚ ਪਾਲਕਿਨ ਗੋਇਲ ਨੇ 99.2 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ ਹੈ ਅਤੇ ਗੌਰਵ ਜਿੰਦਲ, ਸੌਂਦਰਿਆ ਸਿੰਘ ਤੇ ਆਸ਼ੀ ਜੈਨ ਨੇ 99% ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਤਰ੍ਹਾਂ ਖੁਸ਼ੀ ਜੈਨ, ਅਵਨੀ ਕਟੋਚ ਤੇ ਅਨੁਰੀਤ ਕੌਰ ਨੇ 98.8% ਅੰਕ ਲੈ ਕੇ ਸਕੂਲ ਦਾ ਮਾਣ ਵਧਾਇਆ | ਇਸ ਮੌਕੇ ਪਿ੍ੰਸੀਪਲ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਉਪਲਬਧੀ 'ਤੇ ਵਧਾਈ ਦਿੱਤੀ |
ਸੀ. ਬੀ. ਐਸ. ਸੀ. 10ਵੀਂ ਦੇ ਨਤੀਜੇ 'ਚ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਕੁਰਾਲੀ, (ਬਿੱਲਾ ਅਕਾਲਗੜ੍ਹੀਆ)-ਸੀ. ਬੀ. ਐਸ. ਸੀ. ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਪਪਰਾਲੀ ਰੋਡ 'ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਸਕੂਲ ਦੀ ਪ੍ਰਿੰਸੀਪਲ ਪੀ. ਸੈਂਗਰ ਨੇ ਦੱਸਿਆ ਕਿ ਇਸ ਸ਼ਾਨਦਾਰ ਨਤੀਜੇ 'ਚ ਇਸ਼ਮਾਨ ਕੌਰ ਨੇ 98.4% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਏਕਮਜੋਤ ਸਿੰਘ ਮਾਨ ਨੇ 97.6% ਅੰਕਾਂ ਨਾਲ ਦੂਜਾ ਤੇ ਰਾਜਦੀਪ ਕੌਰ ਨੇ 96.2% ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਉਨਾਂ ਦੱਸਿਆ ਕਿ ਕੁੱਲ 81 ਵਿਦਿਆਰਥੀਆਂ 'ਚੋਂ 10 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ, ਜਦਕਿ 15 ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਤੇ ਅਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਸਕੂਲ ਦੇ ਡਾਇਰੈਕਟਰ ਏ. ਕੇ. ਕੌਸ਼ਲ ਤੇ ਪ੍ਰਿੰਸੀਪਲ ਪੀ. ਸੈਂਗਰ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ।
ਅਲੀਸ਼ਾ ਨੇ 10ਵੀਂ ਦੇ ਨਤੀਜੇ 'ਚ ਹਾਸਿਲ ਕੀਤੇ 99% ਅੰਕ
ਜ਼ੀਰਕਪੁਰ, 15 ਅਪ੍ਰੈਲ (ਮਨਿੰਦਰ ਸਿੰਘ)-ਬੁੱਧਵਾਰ ਨੂੰ ਸੀ. ਬੀ. ਐਸ. ਸੀ. ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ। ਇਨ੍ਹਾਂ ਨਤੀਜਿਆਂ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰੀ। ਇਨ੍ਹਾਂ ਨਤੀਜਿਆਂ ਵਿਚ 'ਦਾ ਗੁਰੂਕੁਲ ਸਕੂਲ' ਜ਼ੀਰਕਪੁਰ ਦੀ ਅਲੀਸ਼ਾ ਨੇ 99% ਅੰਕ ਹਾਸਿਲ ਕਰਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਸਕੂਲ ਪ੍ਰਬੰਧਨ, ਅਧਿਆਪਕ ਤੇ ਮਾਪਿਆਂ ਨੇ ਅਲੀਸ਼ਾ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਇਸ ਸਫ਼ਲਤਾ ਦਾ ਸਿਹਰਾ ਉਸ ਦੀ ਮਿਹਨਤ, ਅਨੁਸ਼ਾਸਨ ਤੇ ਉੱਤਮਤਾ ਪ੍ਰਤੀ ਸਮਰਪਣ ਨੂੰ ਦਿੱਤਾ।
ਸੀ. ਬੀ. ਐੱਸ. ਈ. ਵਲੋਂ 10ਵੀਂ ਸ਼੍ਰੇਣੀ ਦੇ ਐਲਾਨੇ ਗਏ ਨਤੀਜੇ 'ਚ ਮੁਹਾਲੀ ਸ਼ਹਿਰ ਦੇ ਸਕੂਲਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ
ਅਜੀਤ ਡੈਸਕ
16-04-2026