15 ਕਿਲੋ ਭੁੱਕੀ ਸਮੇਤ ਇਕ ਕਾਬੂ
ਅਜੀਤ ਡੈਸਕ
17-04-2026
ਲਾਲੜੂ, 16 ਅਪ੍ਰੈਲ (ਰਾਜਬੀਰ ਸਿੰਘ)-ਪੰਜਾਬ-ਹਰਿਆਣਾ ਬਾਰਡਰ 'ਤੇ ਸਥਿਤ ਝਰਮੜੀ ਬੈਰੀਅਰ ਨੇੜੇ ਪੁਲਿਸ ਨੇ ਇਕ ਵਿਅਕਤੀ ਨੂੰ 15 ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ | ਪੁਲਿਸ ਨੇ ਕਾਬੂ ਕੀਤੇ ਵਿਅਕਤੀ ਦੀ ਪਛਾਣ ਗੁਰਤੇਜ ਸਿੰਘ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਦੱਸੀ ਹੈ | ਇਸ ਸੰਬੰਧੀ ਥਾਣਾ ਲਾਲੜੂ ਪੁਲਿਸ ਨੇ ਦੱਸਿਆ ਕਿ ਗਸ਼ਤ ਦੌਰਾਨ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਝਰਮੜੀ ਬੈਰੀਅਰ 'ਤੇ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਜਦੋਂ ਉਸ ਦੀ ਤਲਾਸੀ ਲਈ ਤਾਂ ਉਸ ਦੇ ਬੈਗ 'ਚੋਂ ਕਥਿਤ ਤੌਰ 'ਤੇ 15 ਕਿੱਲੋ ਭੁੱਕੀ ਬਰਾਮਦ ਹੋਈ, ਜਿਸਨੂੰ ਗਿ੍ਫ਼ਤਾਰ ਕਰਕੇ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰਨ ਉਪਰੰਤ ਉਸ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ 3 ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ |
ਜ਼ਿਲ੍ਹਾ ਮੁਹਾਲੀ ਵਲੋਂ ਕਣਕ ਦੀ ਖ਼ਰੀਦ 19 ਹਜ਼ਾਰ ਮੀਟਿ੍ਕ ਟਨ ਤੋਂ ਪਾਰ
ਐੱਸ. ਏ. ਐੱਸ. ਨਗਰ, 16 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਜ਼ਿਲ੍ਹਾ ਮੁਹਾਲੀ 'ਚ ਕਣਕ ਦੀ ਖ਼ਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਜਾਰੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਖ਼ਰੀਦ ਏਜੰਸੀਆਂ ਨਾਲ ਮਿਲ ਕੇ ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਗੀਤਿਕਾ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੀਆਂ ਮੰਡੀਆਂ 'ਚ 4 ਹਜ਼ਾਰ ਮੀਟਿ੍ਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਨਾਲ ਹੁਣ ਤੱਕ ਦੀ ਕੁੱਲ ਆਮਦ 30,562 ਮੀਟਿ੍ਕ ਟਨ ਤੱਕ ਪਹੁੰਚ ਗਈ ਹੈ | ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਦੇ 4 ਵਜੇ ਤੱਕ ਦੇ ਅੰਕੜਿਆਂ ਮੁਤਾਬਿਕ ਮੰਡੀਆਂ 'ਚ 3 ਹਾਜ਼ਰ ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ, ਜਦਕਿ ਹੁਣ ਤੱਕ ਦੀ ਕੁੱਲ ਖ਼ਰੀਦ 19,360 ਮੀਟਿ੍ਕ ਟਨ ਹੋ ਚੁੱਕੀ ਹੈ, ਜੋ ਖ਼ਰੀਦ ਕੇਂਦਰਾਂ 'ਤੇ ਲਗਾਤਾਰ ਚੱਲ ਰਹੀ ਕਾਰਵਾਈ ਨੂੰ ਦਰਸਾਉਂਦੀ ਹੈ | ਇਸੇ ਦੌਰਾਨ ਲਿਫ਼ਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਅੱਜ 955 ਮੀਟਿ੍ਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਗਈ, ਜਿਸ ਨਾਲ ਕੁੱਲ ਲਿਫ਼ਟਿੰਗ 4,225 ਮੀਟਿ੍ਕ ਟਨ 'ਤੇ ਪਹੁੰਚ ਗਈ ਹੈ |