ਐੱਸ. ਏ. ਐੱਸ. ਨਗਰ, 16 ਅਪ੍ਰੈਲ (ਕਪਿਲ ਵਧਵਾ)ਥਾਣਾ ਫੇਜ਼-8 ਦੀ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਇਕ ਨੌਜਵਾਨ ਨੂੰ ਗ਼ੈਰਕਾਨੂੰਨੀ ਹਥਿਆਰ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਗਈ ਹੈ | ਮੁਲਜ਼ਮ ਦੀ ਪਛਾਣ ਪ੍ਰੀਤਇੰਦਰ ਵਾਸੀ ਸੈਕਟਰ-49ਡੀ ਚੰਡੀਗੜ੍ਹ ਵਜੋਂ ਹੋਈ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਚੰਡੀਗੜ੍ਹ ਤੋਂ ਮੁਹਾਲੀ ਵੱਲ ਗ਼ੈਰਕਾਨੂੰਨੀ ਪਿਸਤੌਲ ਲੈ ਕੇ ਆ ਰਿਹਾ ਸੀ | ਇਸੇ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਵਲੋਂ ਵਾਈ. ਪੀ. ਐੱਸ. ਚੌਕ ਨੂੰ ਜਾਣ ਵਾਲੇ ਰਸਤੇ 'ਤੇ ਨਾਕਾਬੰਦੀ ਕੀਤੀ ਹੋਈ ਸੀ | ਇਸੇ ਦੌਰਾਨ ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 32 ਬੋਰ ਦਾ ਪਿਸਤੌਲ ਬਰਾਮਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਮੌਕੇ 'ਤੇ ਹੀ ਗਿ੍ਫ਼ਤਾਰ ਕਰ ਲਿਆ ਗਿਆ | ਇਸ ਸੰਬੰਧੀ ਪੁਲਿਸ ਨੇ ਥਾਣਾ ਫੇਜ਼-8 ਵਿਖੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜਾਂਚ ਅਧਿਕਾਰੀ ਸਬ-ਇੰਸਪੈਕਟਰ ਗਗਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨਿਯਮਿਤ ਚੈਕਿੰਗ ਕਰ ਰਹੀ ਸੀ | ਇਸ ਦੌਰਾਨ ਮਿਲੀ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਨਾਕਾਬੰਦੀ ਹੋਰ ਸਖ਼ਤ ਕਰਕੇ ਹਰ ਆਉਣ-ਜਾਣ ਵਾਲੇ ਵਾਹਨ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਮੁਲਜ਼ਮ ਕਾਬੂ ਆ ਗਿਆ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ ਅਤੇ ਜਿਸ ਦੌਰਾਨ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ |