ਪੰਚਕੂਲਾ, 16 ਅਪ੍ਰੈਲ (ਕਪਿਲ)ਜ਼ਿਲ੍ਹੇ 'ਚ ਇਸ ਸੀਜ਼ਨ ਦੌਰਾਨ ਮੰਡੀਆਂ 'ਚ ਕਣਕ ਦੀ ਖ਼ਰੀਦ ਅਤੇ ਲਿਫ਼ਟਿੰਗ ਦਾ ਕੰਮ ਸੁਚਾਰੂ ਤਰੀਕੇ ਨਾਲ ਚੱਲ ਰਿਹਾ ਹੈ | ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਹੁਣ ਤੱਕ ਜ਼ਿਲ੍ਹੇ ਦੀਆਂ ਸਮੁੱਚੀਆਂ ਮੰਡੀਆਂ 'ਚੋਂ 2,969 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ, ਜਦਕਿ 2,191 ਮੀਟਿ੍ਕ ਟਨ ਕਣਕ ਦੀ ਲਿਫ਼ਟਿੰਗ ਹੋ ਚੁੱਕੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖਾਦ ਅਤੇ ਸਪਲਾਈ ਕੰਟਰੋਲਰ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਖ਼ਰੀਦ ਏਜੰਸੀਆਂ ਹੈਫੇਡ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ ਰਾਏਪੁਰ ਰਾਣੀ, ਬਰਵਾਲਾ ਅਤੇ ਪੰਚਕੂਲਾ ਦੀਆਂ ਅਨਾਜ ਮੰਡੀਆਂ 'ਚ ਕਣਕ ਦੀ ਖ਼ਰੀਦ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਅੱਜ ਰਾਏਪੁਰ ਰਾਣੀ ਅਨਾਜ ਮੰਡੀ ਤੋਂ ਹੈਫੈਡ ਵਲੋਂ 1,148 ਮੀਟਿ੍ਕ ਟਨ ਕਣਕ, ਬਰਵਾਲਾ ਅਨਾਜ ਮੰਡੀ ਤੋਂ ਹੈਫੈਡ ਵਲੋਂ 1,701 ਮੀਟਿ੍ਕ ਟਨ ਕਣਕ ਅਤੇ ਪੰਚਕੂਲਾ ਅਨਾਜ ਮੰਡੀ ਤੋਂ ਹੈਫੈਡ ਵਲੋਂ 120 ਮੀਟਿ੍ਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਰਾਏਪੁਰ ਰਾਣੀ ਅਨਾਜ ਮੰਡੀ ਤੋਂ ਹੈਫੈਡ ਵਲੋਂ 25 ਮੀਟਿ੍ਕ ਟਨ ਕਣਕ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 765 ਮੀਟਿ੍ਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ | ਇਸੇ ਤਰ੍ਹਾਂ ਬਰਵਾਲਾ ਅਨਾਜ ਮੰਡੀ 'ਚੋਂ ਹੈਫੇਡ ਵਲੋਂ 576 ਮੀਟਿ੍ਕ ਟਨ ਅਤੇ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 8,00 ਮੀਟਿ੍ਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ | ਇਸ ਤੋਂ ਇਲਾਵਾ ਪੰਚਕੂਲਾ ਦੀ ਅਨਾਜ ਮੰਡੀ 'ਚੋਂ ਹੈਫੈਡ ਵਲੋਂ 25 ਮੀਟਿ੍ਕ ਟਨ ਕਣਕ ਦੀ ਲਿਫ਼ਟਿੰਗ ਕੀਤੀ ਗਈ ਹੈ |