ਐੱਸ. ਏ. ਐੱਸ. ਨਗਰ, 18 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸਥਾਨਕ ਥਾਣਾ ਫੇਜ਼-1 ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਟੀਮ ਵਲੋਂ ਲੋਕਾਂ ਦੇ ਮੋਬਾਈਲ ਫ਼ੋਨਾਂ 'ਤੇ ਜਾਅਲੀ ਲਿੰਕ ਭੇਜ ਕੇ ਮੋਬਾਈਲਾਂ ਨੂੰ ਹੈਕ ਕਰਕੇ ਪੈਸੇ ਕਢਵਾਉਣ ਜਾਂ ਉਨ੍ਹਾਂ ਪੈਸਿਆਂ ਨਾਲ ਆਨਲਾਈਨ ਵੈੱਬਸਾਈਟ ਤੋਂ ਫ਼ੋਨ ਖ਼ਰੀਦ ਕੇ ਅੱਗੇ ਸਸਤੇ ਭਾਅ 'ਤੇ ਵੇਚਣ ਦੇ ਦੋਸ਼ ਹੇਠ ਐਚ. ਐਮ. ਕਿ੍ਸਟਲ ਹੋਟਲ ਫੇਜ਼-1 ਮੁਹਾਲੀ ਤੋਂ ਸਾਹਿਲ ਜਗਦਾ ਪੁੱਤਰ ਸੰਜੀਵ ਕੁਮਾਰ ਵਾਸੀ ਏ-50 ਗਲੀ ਨੰ. 6 ਨਿਊ ਤਹਿਸੀਲਪੁਰਾ ਜ਼ਿਲ੍ਹਾ ਅੰਮਿ੍ਤਸਰ ਅਤੇ ਅਮਰ ਪੁੱਤਰ ਤਰਸੇਮ ਸਿੰਘ ਵਾਸੀ ਮਕਾਨ ਨੰ. ਸੀ-17 ਗੋਲਡਨ ਐਵੀਨਿਊ ਜ਼ਿਲ੍ਹਾ ਅੰਮਿ੍ਤਸਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਸ ਸੰਬੰਧੀ ਐਸ. ਪੀ. ਸਿਟੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਮਨੋਜ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਦੇਹਰਾਦੂਨ ਦੇ ਮੋਬਾਈਲ ਫ਼ੋਨ 'ਤੇ ਜਾਅਲੀ ਲਿੰਕ ਭੇਜ ਕੇ ਉਸ ਦਾ ਫੋਨ ਹੈਕ ਕਰਕੇ ਉਸ ਦੇ ਕ੍ਰੈਡਿਟ ਕਾਰਡ ਅਕਾਊਾਟ 'ਚੋਂ ਲਗਭਗ 1,25,000 ਰੁ. ਦੀ ਆਨਲਾਈਨ ਸ਼ਾਪਿੰਗ ਕਰਕੇ ਤਿੰਨ ਫ਼ੋਨ ਖ਼ਰੀਦ ਕੀਤੇ ਸਨ, ਜਿਨ੍ਹਾਂ ਦੀ ਬਾਜ਼ਾਰ 'ਚ ਕੀਮਤ ਲਗਭਗ 1 ਲੱਖ ਰੁ. ਹੈ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਫ਼ੋਨਾਂ ਦੀ ਡਲੀਵਰੀ ਲੈਣ ਲਈ ਹੋਟਲ ਐਚ. ਐਮ. ਕਿ੍ਸਟਲ ਫੇਜ਼-1 ਮੁਹਾਲੀ ਦਾ ਪਤਾ ਦਿੱਤਾ ਸੀ ਅਤੇ ਸ਼ਿਕਾਇਤ ਮਿਲਣ 'ਤੇ ਪੁਲਿਸ ਪਾਰਟੀ ਨੇ ਉਕਤ ਹੋਟਲ ਦੇ ਕਮਰਾ ਨੰ. 301 'ਚੋਂ ਦੋਵਾਂ ਮੁਲਜ਼ਮਾਂ ਨੂੰ ਤਿੰਨ ਸੀਲ ਬੰਦ ਡੱਬਾ ਮੋਬਾਈਲ ਫ਼ੋਨਾਂ ਅਤੇ ਇਕ ਕਰੂਜ਼ ਕਾਰ ਸਮੇਤ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਅੱਡ-ਅੱਡ ਬੈਂਕਾਂ ਦੇ ਕ੍ਰੈਡਿਟ ਤੇ ਡੈਬਿਟ ਕਾਰਡ ਵੀ ਬਰਾਮਦ ਹੋਏ ਹਨ | ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-1 ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |