ਚੰਡੀਗੜ੍ਹ, 21 ਅਪ੍ਰੈਲ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਨੇ ਆਪਣਾ ਪਹਿਲਾ ਖੇਡ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਇਸ ਸਮਾਗਮ 'ਚ 100 ਮੀ., 200 ਮੀ. ਦੌੜ, ਲੰਬੀ ਛਾਲ, ਡਿਸਕਸ ਥਰੋ, ਨਿੰਬੂ ਅਤੇ ਚਮਚਾ ਦੌੜ, ਰਿਲੇਅ ਦੌੜ ਅਤੇ ਖੋ-ਖੋ ਸਮੇਤ ਕਈ ਤਰ੍ਹਾਂ ਦੇ ਐਥਲੈਟਿਕ ਮੁਕਾਬਲੇ ਸ਼ਾਮਿਲ ਸਨ | ਵਿਦਿਆਰਥੀਆਂ ਨੇ ਪਰੰਪਰਾਗਤ ਪੰਜਾਬੀ ਖੇਡਾਂ ਜਿਵੇਂ ਕਿ ਪਿੱਠੂ ਗਰਮ, ਰੱਸਾਕਸ਼ੀ, ਬੰਦਰ ਕੀਲਾ ਅਤੇ ਖੋ-ਖੋ ਵਿਚ ਵੀ ਹਿੱਸਾ ਲਿਆ | ਜੋ ਖੇਤਰ ਦੀ ਅਮੀਰ ਖੇਡ ਵਿਰਾਸਤ ਨੂੰ ਉਜਾਗਰ ਕਰਦੇ ਸਨ | ਸਪੋਰਟਸ ਮੀਟ ਦੀ ਕੋਆਰਡੀਨੇਟਰ ਡਾ. ਪਰਮਜੀਤ ਕੌਰ ਸਿੱਧੂ ਨੇ ਸਰੀਰਕ ਤੰਦਰੁਸਤੀ, ਮਾਨਸਿਕ ਤੰਦਰੁਸਤੀ ਅਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਵਿਚ ਖੇਡਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ | ਵਿਭਾਗ ਦੇ ਮੁਖੀ ਪ੍ਰੋਫੈਸਰ ਯੋਗਰਾਜ ਅੰਗਰੀਸ਼ ਨੇ ਤਾਕਤ, ਏਕਤਾ ਅਤੇ ਟੀਮ ਭਾਵਨਾ ਦੇ ਨਿਰਮਾਣ ਵਿਚ ਖੇਡਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਪ੍ਰੋ. ਉਮਾ ਸੇਠੀ, ਪ੍ਰੋ. ਅਕਵਿੰਦਰ ਕੌਰ ਅਤੇ ਡਾ. ਪਰਮਜੀਤ ਕੌਰ ਸਿੱਧੂ ਨੇ ਮੈਡਲਾਂ ਨਾਲ ਸਨਮਾਨਿਤ ਕੀਤਾ | ਇਸ ਸਮਾਗਮ ਵਿਚ ਡਾ. ਪਵਨ ਕੁਮਾਰ, ਰਵੀ ਕੁਮਾਰ ਅਤੇ ਹੋਰ ਫੈਕਲਟੀ ਮੈਂਬਰ ਅਤੇ ਵਿਦਿਆਰਥੀ ਸ਼ਾਮਿਲ ਹੋਏ |