ਚੰਡੀਗੜ੍ਹ, 22 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿੱਜ ਨੇ ਅੰਬਾਲਾ ਜ਼ਿਲ੍ਹੇ ਦੇ ਚਾਰੋਂ ਉਪ-ਮੰਡਲ (ਸਿਵਲ) ਦਫ਼ਤਰਾਂ ਵਿਚ ਵੱਡੇ ਪੱਧਰ 'ਤੇ ਵਾਹਨਾਂ ਦੀ ਰਜਿਸਟਰੇਸ਼ਨ ਵਿਚ ਕਥਿਤ ਧਾਂਦਲੀ ਦੀਆਂ ਖ਼ਬਰਾਂ ਦਾ ਨੋਟਿਸ ਲੈਂਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਦੇ ਸਾਰੇ ਉਪ-ਮੰਡਲ (ਸਿਵਲ) ਦਫ਼ਤਰਾਂ ਅਤੇ ਖੇਤਰੀ ਟਰਾਂਸਪੋਰਟ ਦਫ਼ਤਰਾਂ ਦੀ ਡੂੰਘੀ ਜਾਂਚ ਰਾਜ ਵਿਜੀਲੈਂਸ ਅਤੇ ਭਿ੍ਸ਼ਟਾਚਾਰ ਨਿਰੋਧਕ ਬਿਊਰੋ ਤੋਂ ਕਰਵਾਈ ਜਾਵੇ | ਇਸ ਸੰਬੰਧ 'ਚ ਟਰਾਂਸਪੋਰਟ ਮੰਤਰੀ ਨੇ ਮਾਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਟਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਹਨ | ਵਿੱਜ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦੀਆਂ ਬੇਨਿਯਮੀਆਂ ਸਿਰਫ਼ ਅੰਬਾਲਾ ਤੱਕ ਸੀਮਤ ਨਹੀਂ ਹੋ ਸਕਦੀਆਂ, ਸਗੋਂ ਰਾਜ ਦੇ ਹੋਰ ਉਪ-ਮੰਡਲ ਦਫ਼ਤਰਾਂ ਅਤੇ ਖੇਤਰੀ ਟਰਾਂਸਪੋਰਟ ਦਫ਼ਤਰਾਂ ਵਿਚ ਵੀ ਹੋ ਸਕਦੀਆਂ ਹਨ, ਇਸ ਲਈ ਪੂਰੇ ਰਾਜ ਪੱਧਰ 'ਤੇ ਜਾਂਚ ਜ਼ਰੂਰੀ ਹੈ | ਵਰਨਣਯੋਗ ਹੈ ਕਿ ਅੰਬਾਲਾ ਵਿਚ ਐਸ.ਡੀ.ਐਮ. ਦਫ਼ਤਰਾਂ ਰਾਹੀਂ ਤਾਮਿਲਨਾਡੂ ਸਮੇਤ ਹੋਰਨਾਂ ਰਾਜਾਂ ਵਿੱਚ ਅਧੂਰੇ ਪਤਿਆਂ 'ਤੇ ਵਾਹਨਾਂ ਦੀ ਰਜਿਸਟਰੇਸ਼ਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ | ਇਸ ਤੋਂ ਇਲਾਵਾ, ਧੂੜ, ਰੇਤ, ਮਿੱਟੀ ਅਤੇ ਹੋਰ ਢਿੱਲੀ ਨਿਰਮਾਣ ਸਮੱਗਰੀ ਢੋਣ ਵਾਲੇ ਵਾਹਨਾਂ ਵੱਲੋਂ ਬਿਨਾਂ ਢੱਕੇ ਆਵਾਜਾਈ ਕੀਤੇ ਜਾਣ 'ਤੇ ਵੀ ਮੰਤਰੀ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ |