ਡੇਰਾਬੱਸੀ, 24 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਪੁਲਿਸ ਥਾਣੇ ਦੇ ਬਿਲਕੱੁਲ ਸਾਹਮਣੇ ਸਵੇਰ ਵੇਲੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਦੌਰਾਨ ਸੜਕ ਕਿਨਾਰੇ ਖੜ੍ਹੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟਿੱਪਰ ਚਾਲਕ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਇਸ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਟਿੱਪਰ ਦੇ ਪਿਛਲੇ ਹਿੱਸੇ 'ਚ ਫਸ ਗਿਆ, ਪਰ ਟਿੱਪਰ ਅੱਗੇ ਜਾ ਰਿਹਾ ਸੀ | ਇਸੇ ਦੌਰਾਨ ਲੋਕਾਂ ਨੇ ਰੌਲਾ ਪਾ ਕੇ ਟਿੱਪਰ ਨੂੰ ਰੋਕ ਲਿਆ ਅਤੇ ਮੋਟਰਸਾਈਕਲ ਸਵਾਰ ਨੂੰ ਟਿੱਪਰ ਦੇ ਥੱਲ੍ਹੇ ਤੋਂ ਕੱਢਣ ਉਪਰੰਤ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ | ਪੀੜਤ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਫ਼ੌਜਾ ਸਿੰਘ ਵਾਸੀ ਕਾਲਜ ਕਾਲੋਨੀ ਡੇਰਾਬੱਸੀ ਵਜੋਂ ਹੋਈ ਹੈ, ਜਿਸ ਨੇ ਦੱਸਿਆ ਕਿ ਉਹ ਸਵੇਰੇ ਕਰੀਬ 10 ਵਜੇ ਮੋਟਰਸਾਈਕਲ 'ਤੇ ਡੇਰਾਬੱਸੀ ਕੋਰਟ ਤੋਂ ਵਾਪਸ ਆ ਰਿਹਾ ਸੀ ਅਤੇ ਇਸ ਦੌਰਾਨ ਜਦੋਂ ਉਹ ਥਾਣੇ ਦੇ ਸਾਹਮਣੇ ਬਿਲਕੁਲ ਕੋਨੇ 'ਤੇ ਖੜ੍ਹਾ ਸੀ ਤਾਂ ਐਵਰਗ੍ਰੀਨ ਹੋਟਲ ਵਾਲੀ ਸਾਈਡ ਤੋਂ ਆ ਰਹੇ ਇਕ ਟਿੱਪਰ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਮੋੜ ਕੱਟਦਿਆਂ ਉਸ ਨੂੰ ਦਰੜ ਦਿੱਤਾ | ਪੀੜਤ ਅਨੁਸਾਰ ਟਿੱਪਰ ਦੇ ਚਾਲਕ ਨੇ ਗ਼ਲਤ ਤਰੀਕੇ ਨਾਲ ਟਿੱਪਰ ਮੋੜਿਆ, ਜਿਸ ਕਾਰਨ ਟਿੱਪਰ ਦਾ ਪਿਛਲਾ ਟਾਇਰ ਕੁਲਦੀਪ ਉਸ ਦੇ ਪੈਰ ਉੱਪਰੋਂ ਦੀ ਲੰਘ ਗਿਆ | ਪੀੜਤ ਕੁਲਦੀਪ ਸਿੰਘ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਸ਼ਾਇਦ ਟਿੱਪਰ ਚਾਲਕ ਨਸ਼ੇ ਦੀ ਹਾਲਤ 'ਚ ਸੀ ਕਿਉਂਕਿ ਉਸ ਨੂੰ ਸੜਕ ਕਿਨਾਰੇ ਖੜ੍ਹਾ ਵਿਅਕਤੀ ਵੀ ਨਜ਼ਰ ਨਹੀਂ ਆਇਆ | ਹਾਦਸੇ ਤੋਂ ਬਾਅਦ ਇਕ ਰਾਹਗੀਰ ਨੇ ਮੁਸ਼ਤੈਦੀ ਦਿਖਾਉਂਦੇ ਹੋਏ ਟਰੱਕ ਨੂੰ ਅੱਗੇ ਜਾ ਕੇ ਰੋਕ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ | ਇਸ ਤੋਂ ਬਾਅਦ ਜ਼ਖ਼ਮੀ ਕੁਲਦੀਪ ਸਿੰਘ ਨੂੰ ਤੁਰੰਤ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੀ ਐਮਰਜੈਂਸੀ 'ਚ ਦਾਖ਼ਲ ਕਰਵਾਇਆ ਗਿਆ, ਜਿਥੇ ਕਿ ਉਸ ਦੇ ਪੈਰ 'ਤੇ 20 ਦੇ ਕਰੀਬ ਟਾਂਕੇ ਲੱਗੇ | ਪੀੜਤ ਅਨੁਸਾਰ ਪੈਰ ਦੀ ਹੱਡੀ ਦੇ ਫ਼ਰੈਕਚਰ ਹੋਣ ਦਾ ਖ਼ਦਸ਼ਾ ਹੈ, ਜਿਸ ਦੀ ਪੁਸ਼ਟੀ ਅਲਟਰਾਸਾਊਾਡ ਅਤੇ ਹੋਰ ਟੈਸਟਾਂ ਤੋਂ ਬਾਅਦ ਹੋਵੇਗੀ | ਇਸ ਹਾਦਸੇ 'ਚ ਕੁਲਦੀਪ ਸਿੰਘ ਦਾ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜੋ ਕਿ ਫ਼ਿਲਹਾਲ ਥਾਣੇ 'ਚ ਖੜ੍ਹਾ ਹੈ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ |