01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

3060 ਲੋਮੋਟਿਲ ਦੀਆਂ ਗੋਲੀਆਂ ਬਰਾਮਦ ਹੋਣ ਦੇ ਮਾਮਲੇ 'ਚ ਦੋਸ਼ੀ ਨੂੰ ਸੁਣਾਈ 10 ਸਾਲਾਂ ਦੀ ਕੈਦ ਤੇ 1 ਲੱਖ ਰੁ. ਜੁਰਮਾਨਾ

Ad Position 21
No active advertisement
ਅਜੀਤ ਡੈਸਕ 25-04-2026
ਐੱਸ. ਏ. ਐੱਸ. ਨਗਰ, 24 ਅਪ੍ਰੈਲ (ਕਪਿਲ ਵਧਵਾ)-ਮੁਹਾਲੀ ਅਦਾਲਤ ਨੇ 3060 ਲੋਮੋਟਿਲ (ਨਸ਼ੀਲੀਆਂ ਗੋਲੀਆਂ) ਬਰਾਮਦ ਹੋਣ ਦੇ ਮਾਮਲੇ ਵਿਚ ਭੁਪਿੰਦਰ ਸਿੰਘ ਨਾਂਅ ਦੇ ਦੋਸ਼ੀ ਨੂੰ 10 ਸਾਲਾਂ ਦੀ ਕੈਦ ਤੇ 1 ਲੱਖ ਰੁ. ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ | ਇਹ ਫ਼ੈਸਲਾ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਾਜੇਸ਼ ਆਹਲੂਵਾਲੀਆ ਦੀ ਅਦਾਲਤ ਵਲੋਂ ਸ਼ੁੱਕਰਵਾਰ ਨੂੰ ਸੁਣਾਇਆ ਗਿਆ ਹੈ | ਅਦਾਲਤੀ ਫ਼ੈਸਲੇ ਅਨੁਸਾਰ 11 ਅਕਤੂਬਰ 2022 ਨੂੰ ਐੱਸ. ਆਈ. ਰਣਬੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਪਿੰਡ ਲਹਿਲੀ ਦੇ ਟੋਲ ਪਲਾਜ਼ਾ ਨੇੜੇ ਗਸ਼ਤ ਕਰ ਰਹੀ ਸੀ ਅਤੇ ਇਸੇ ਦੌਰਾਨ ਰਾਤ ਦੇ ਕਰੀਬ 8 ਵਜੇ ਪੁਲਿਸ ਪਾਰਟੀ ਨੂੰ ਇਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ | ਪੁਲਿਸ ਅਧਿਕਾਰੀਆਂ ਨੇ ਜਦੋਂ ਉਕਤ ਵਿਅਕਤੀ ਕੋਲ ਜਾ ਕੇ ਆਪਣੀ ਗੱਡੀ ਰੋਕੀ ਤਾਂ ਉਸ ਨੇ ਆਪਣੇ ਹੱਥ 'ਚ ਫੜਿਆ ਲਿਫ਼ਾਫ਼ਾ ਪਾਸੇ ਸੁੱਟ ਦਿੱਤਾ | ਇਸ ਤੋਂ ਬਾਅਦ ਜਦੋਂ ਪੁਲਿਸ ਪਾਰਟੀ ਨੇ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਭੁਪਿੰਦਰ ਸਿੰਘ ਉਰਫ਼ ਪੱਪੂ ਵਜੋਂ ਦੱਸੀ | ਇਸ ਤੋਂ ਬਾਅਦ ਪੁਲਿਸ ਨੇ ਜਦੋਂ ਭੁਪਿੰਦਰ ਸਿੰਘ ਵਲੋਂ ਸੁੱਟਿਆ ਲਿਫ਼ਾਫ਼ਾ ਚੁੱਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਕੁੱਲ 51 ਪੱਤੇ (60 ਗੋਲੀਆਂ ਪ੍ਰਤੀ ਪੱਤਾ) ਲੋਮੋਟਿਲ ਦੀਆਂ ਗੋਲੀਆਂ ਬਰਾਮਦ ਹੋਈਆਂ | ਅਗਲੇਰੀ ਕਾਰਵਾਈ ਤਹਿਤ ਪੁਲਿਸ ਵਲੋਂ ਥਾਣਾ ਲਾਲੜੂ ਵਿਖੇ ਉਕਤ ਵਿਅਕਤੀ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 22 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਮਿਆਰੀ ਪ੍ਰਕਿਰਿਆ ਵਜੋਂ ਪੁਲਿਸ ਨੇ ਬਰਾਮਦ ਹੋਈਆਂ ਗੋਲੀਆਂ ਦਾ ਇਕ ਨਮੂਨਾ ਸੀਲਬੰਦ ਕਰਕੇ ਐੱਫ. ਐੱਸ. ਐੱਲ. ਜਾਂਚ ਲਈ ਭੇਜਿਆ, ਜਿਸ ਦੀ ਰਿਪੋਰਟ 'ਚ ਸਾਹਮਣੇ ਆਇਆ ਕਿ ਬਰਾਮਦ ਗੋਲੀਆਂ ਵਿਚ 'ਡਾਈਫਿਨੋਕਸੀਲੇਟ ਹਾਈਡ੍ਰੋਕਲੋਰਾਇਡ ਅਤੇ ਐਟ੍ਰੋਪਾਇਨ ਸਲਫੇਟ' ਨਾਂਅ ਦਾ ਸਾਲਟ ਮੌਜੂਦ ਹੈ | ਰਿਪੋਰਟ 'ਚ ਸਪੱਸ਼ਟ ਕੀਤਾ ਗਿਆ ਸੀ ਕਿ ਹਰੇਕ ਗੋਲੀ ਦਾ ਔਸਤ ਭਾਰ 63 ਮਿਲੀਗ੍ਰਾਮ ਹੈ ਅਤੇ ਕਿਉਂਕਿ ਕੁੱਲ 3060 ਗੋਲੀਆਂ ਬਰਾਮਦ ਹੋਈਆਂ ਹਨ, ਇਸ ਲਈ ਕੁੱਲ ਭਾਰ 194.52 ਗ੍ਰਾਮ ਬਣਦਾ ਹੈ, ਜੋ ਕਿ ਵਪਾਰਕ ਮਾਤਰਾ ਅਧੀਨ ਹੈ | ਅਦਾਲਤ ਵਿਖੇ ਮਾਮਲੇ ਦੀ ਸੁਣਵਾਈ ਦੌਰਾਨ ਪੁਲਿਸ ਵਲੋਂ ਪੇਸ਼ ਕੀਤੇ ਗਏ ਸਮੁੱਚੇ ਸਬੂਤਾਂ ਅਤੇ ਦਰਜ ਗਵਾਹੀਆਂ 'ਤੇ ਇਸਤਗਾਸਾ ਪੱਖ ਤੇ ਬਚਾਅ ਪੱਖ ਵਲੋਂ ਵੱਖ-ਵੱਖ ਦਲੀਲਾਂ ਦਿੱਤੀਆਂ ਗਈਆਂ | ਅਦਾਲਤ ਨੇ ਦੋਵਾਂ ਧਿਰਾਂ ਦੀ ਬਹਿਸ ਸੁਣਨ ਉਪਰੰਤ ਅੰਤਿਮ ਫ਼ੈਸਲੇ ਵਿਚ ਕਿਹਾ ਕਿ ਇਸਤਗਾਸਾ ਪੱਖ ਭੁਪਿੰਦਰ ਸਿੰਘ ਖ਼ਿਲਾਫ਼ ਦੋਸ਼ ਸਾਬਿਤ ਕਰਨ 'ਚ ਸਫ਼ਲ ਰਿਹਾ ਹੈ, ਲਿਹਾਜ਼ਾ ਦੋਸ਼ੀ ਨੂੰ ਨਸ਼ੀਲੀਆਂ ਗੋਲੀਆਂ ਰੱਖਣ ਦੇ ਜ਼ੁਰਮ 'ਚ 10 ਸਾਲਾਂ ਦੀ ਸਖ਼ਤ ਕੈਦ ਅਤੇ 1 ਲੱਖ ਰੁ. ਜ਼ੁਰਮਾਨੇ ਦੀ ਸਜ਼ਾ ਸੁਣਾਈ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਮਹਿਲਾ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟੀਆਂ <br/> ਅਗਲੀ ਖ਼ਬਰ ਡੇਰਾਬੱਸੀ ਥਾਣੇ ਦੇ ਸਾਹਮਣੇ ਖੜ੍ਹੇ ਮੋਟਰਸਾਈਕਲ ਸਵਾਰ 'ਤੇ ਟਿੱਪਰ ਚੜਿ੍ਹਆ <br/>
Ad Position 24
No active advertisement