ਖਰੜ, 24 ਅਪ੍ਰੈਲ (ਜੰਡਪੁਰੀ)-ਝਪਟਮਾਰਾਂ ਦੀ ਇਕ ਗਰੋਹ ਸਥਾਨਕ ਕਚਹਿਰੀਆਂ ਦੇ ਬਿਲਕੱੁਲ ਸਾਹਮਣੇ ਇਕ ਆਟੋ 'ਚ ਬੈਠੀ ਬਜ਼ੁਰਗ ਮਹਿਲਾ ਦੀਆਂ ਸੋਨੇ ਦੀਆਂ ਬਾਲੀਆਂ ਝਪਟ ਕੇ ਫ਼ਰਾਰ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਸਹੌੜਾਂ ਦੀ ਵਸਨੀਕ ਪੀੜਤਾ ਸੰਤੋਸ਼ ਰਾਣੀ ਪਤਨੀ ਰਾਣਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਪਰਿਵਾਰ ਨਾਲ ਕਿਸੇ ਕੰਮ ਲਈ ਖਰੜ ਗਈ ਸੀ | ਇਸੇ ਦੌਰਾਨ ਰਾਤ ਦੇ ਕਰੀਬ 8 ਵਜੇ ਜਦੋਂ ਉਹ ਆਟੋ 'ਚ ਬੈਠ ਕੇ ਘਰ ਪਰਤ ਰਹੇ ਸਨ ਤਾਂ ਸ਼ਿਵਜੋਤ ਇਨਕਲੇਵ ਨੇੜੇ ਇਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਆਟੋ 'ਚ ਬੈਠ ਗਿਆ | ਜਦੋਂ ਆਟੋ ਖਰੜ ਦੀਆਂ ਕਚਹਿਰੀਆਂ ਦੇ ਸਾਹਮਣੇ ਪਹੁੰਚਿਆ ਤਾਂ ਉਕਤ ਵਿਅਕਤੀ ਨੇ ਪੀੜਤਾ ਨੂੰ ਕਿਹਾ ਕਿ ਉਸ ਦੇ ਕੰਨਾਂ 'ਤੇ ਭਰਿੰਡਾਂ ਬੈਠੀਆਂ ਹਨ | ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ ਝਪਟਮਾਰ ਨੇ ਉਸ ਦੇ ਕੰਨਾਂ 'ਚੋਂ ਸੋਨੇ ਦੀਆਂ ਬਾਲੀਆਂ ਝਪਟ ਲਈਆਂ | ਪੀੜਤਾ ਨੇ ਦੱਸਿਆ ਕਿ ਇਸੇ ਦੌਰਾਨ ਉਸ ਦੇ ਇਕ ਕੰਨ 'ਚ ਪਾਈ ਬਾਲੀ ਦਾ ਬਚਾਓ ਹੋ ਗਿਆ | ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਸ ਦੇ ਪੁੱਤਰ ਰਾਣਾ ਵਿਨੋਦ ਕੁਮਾਰ ਨੇ ਦਲੇਰੀ ਦਿਖਾਉਂਦੇ ਹੋਏ ਝਪਟਮਾਰ ਦਾ ਪਿੱਛਾ ਕੀਤਾ ਅਤੇ ਜਿਵੇਂ ਹੀ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਝਪਟਮਾਰ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਪੁੱਤਰ 'ਤੇ ਹਮਲਾ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਇਸ ਤੋਂ ਬਾਅਦ ਝਪਟਮਾਰ ਇਕ ਬਿਨਾਂ ਨੰਬਰ ਪਲੇਟ ਵਾਲੇ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ 'ਤੇ ਪਹਿਲਾਂ ਹੀ ਤਿਆਰ ਖੜ੍ਹੇ ਆਪਣੇ ਦੋ ਸਾਥੀਆਂ ਸਮੇਤ ਉਥੋਂ ਫ਼ਰਾਰ ਹੋ ਗਿਆ | ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ | ਪੀੜਤ ਪਰਿਵਾਰ ਨੇ ਇਲਾਕੇ 'ਚ ਪੁਲਿਸ ਦੀ ਗਸ਼ਤ ਵਧਾਉਣ ਅਤੇ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ | ਉਧਰ ਥਾਣਾ ਸਿਟੀ ਖਰੜ ਦੇ ਐੱਸ. ਐੱਚ. ਓ. ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |