ਚੰਡੀਗੜ੍ਹ, 25 ਅਪ੍ਰੈਲ (ਮਾਰਕੰਡਾ)- ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਸਟੂਡੈਂਟ ਕਾਊਾਸਲਿੰਗ ਸੈੱਲ ਵਲੋਂ ਕੈਂਪਸ ਵਿਚ ਕਾਲਜ ਵਿਦਿਆਰਥੀਆਂ ਲਈ 'ਪਰੀਖਿਆ ਤਣਾਅ ਪ੍ਰਬੰਧਨ' ਵਿਸ਼ੇ 'ਤੇ ਇਕ ਵਰਕਸ਼ਾਪ ਕਰਵਾਈ ਗਈ | ਇਸ ਸੈਸ਼ਨ ਦਾ ਮਕਸਦ ਵਿਦਿਆਰਥੀਆਂ ਨੂੰ ਅਕਾਦਮਿਕ ਦਬਾਅ ਨਾਲ ਨਜਿੱਠਣ ਅਤੇ ਪਰੀਖਿਆ ਦੌਰਾਨ ਮਾਨਸਿਕ ਸਿਹਤ ਨੂੰ ਬਰਕਰਾਰ ਰੱਖਣ ਲਈ ਵਿਵਹਾਰਿਕ ਤਰੀਕਿਆਂ ਨਾਲ ਜਾਣੂ ਕਰਵਾਉਣਾ ਰਿਹਾ | ਇਹ ਪ੍ਰੋਗਰਾਮ ਡਾ. ਡੀ.ਆਰ ਪ੍ਰਜਾਪਤੀ ਡੀਨ ਸਟੂਡੈਂਟ ਅਫੇਅਰਜ਼ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਵਰਕਸ਼ਾਪ ਦਾ ਸੰਚਾਲਨ ਦੀਪਤੀ ਕਪਿਲਾ ਵਲੋਂ ਕੀਤਾ ਗਿਆ | ਜਿਨ੍ਹਾਂ ਨੇ ਤਣਾਅ ਅਤੇ ਚਿੰਤਾ ਘਟਾਉਣ ਲਈ ਪ੍ਰਭਾਵਸ਼ਾਲੀ ਤਕਨੀਕਾਂ ਸਾਂਝੀਆਂ ਕੀਤੀਆਂ | ਇੰਟਰਐਕਟਿਵ ਗਤੀਵਿਧੀਆਂ ਅਤੇ ਚਰਚਾਵਾਂ ਰਾਹੀਂ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਰਿਲੈਕਸੇਸ਼ਨ ਕਸਰਤਾਂ, ਸਮਾਂ ਪ੍ਰਬੰਧਨ ਅਤੇ ਸਕਾਰਾਤਮਿਕ ਸੋਚ ਵਰਗੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ | ਇਸ ਵਰਕਸ਼ਾਪ ਦਾ ਕੋਆਰਡੀਨੇਸ਼ਨ ਡਾ. ਸੁਲਤਾ ਭੰਡਾਰੀ ਇੰਚਾਰਜ ਸਟੂਡੈਂਟ ਕਾਉਂਸਲਿੰਗ ਸੈੱਲ, ਨਵੀਨ ਕੁਮਾਰ ਸਟੂਡੈਂਟ ਕਾਉਂਸਲਰ ਅਤੇ ਤਨਵੀ ਸ਼ਰਮਾ ਸਟੂਡੈਂਟ ਕਾਉਂਸਲਰ ਵਲੋਂ ਕੀਤਾ ਗਿਆ | ਉਨ੍ਹਾਂ ਨੇ ਮਾਨਸਿਕ ਸਿਹਤ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਲੋੜ ਪੈਣ 'ਤੇ ਮਦਦ ਲੈਣ ਲਈ ਪ੍ਰੇਰਿਤ ਕੀਤਾ |