ਚੰਡੀਗੜ੍ਹ, 25 ਅਪ੍ਰੈਲ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੱਛਮੀ ਬੰਗਾਲ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਤਰਫ਼ਾ ਭਾਜਪਾ ਦੀ ਸਰਕਾਰ ਬਣੇਗੀ | ਪ੍ਰਧਾਨ ਮੰਤਰੀ ਨੇ ਗ਼ਰੀਬ ਤੇ ਜਨਹਿਤੈਸ਼ੀ ਯੋਜਨਾਵਾਂ ਨੂੰ ਲਾਗੂ ਕੀਤਾ ਹੈ, ਜਿਨ੍ਹਾਂ ਦਾ ਲੱਖਾਂ ਲੋਕਾਂ ਨੇ ਲਾਭ ਚੁੱਕਿਆ ਹੈ ਅਤੇ ਉਹ ਗ਼ਰੀਬੀ ਰੇਖਾ ਤੋਂ ਬਾਹਰ ਹੋਏ ਹਨ | ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਚੰਡੀਗੜ੍ਹ ਵਿਚ ਪੈੱ੍ਰਸ ਕਾਨਫ਼ਰੰਸ ਵਿਚ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦੇ ਰਹੇ ਸਨ | ਇੱਕ ਹੋਰ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਰਾਜਾ ਨਹੀਂ, ਸਗੋਂ ਇੱਕ ਕਿਸਾਨ ਦੇ ਬੇਟੇ ਹਨ ਅਤੇ ਉਨ੍ਹਾਂ ਨੇ ਖ਼ੁਦ ਖੇਤੀ ਕੀਤੀ ਹੈ | ਇਸ ਲਈ ਕਿਸਾਨਾਂ ਦੀ ਸਮੱਸਿਆਵਾਂ ਨਾਲ ਚੰਗੀ ਤਰ੍ਹਾਂ ਵਾਕਫ਼ ਹਨ | ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰਨ ਲਈ ਸਦਾ ਤਿਆਰੀ ਨਾਲ ਲਗਾਤਾਰ ਕੰਮ ਕਰ ਰਹੇ ਹਨ | ਕਾਂਗਰਸੀ ਨੇਤਾਵਾਂ ਵਲੋਂ ਮੰਡੀਆਂ ਦੇ ਲਗਾਤਾਰ ਦੌਰਿਆਂ ਦੇ ਸਬੰਧ ਵਿਚ ਪੁੱਛੇ ਗਏ ਇੱਕ ਸੁਆਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਅਜਿਹਾ ਮਾਹੌਲ ਖੜ੍ਹਾ ਕਰਨ ਵਿਚ ਲੱਗਾ ਹੈ ਜਿਵੇਂ ਉਨ੍ਹਾਂ ਦੇ ਸਮੇਂ ਵਿਚ ਕਿਸਾਨ ਬਹੁਤ ਖ਼ੁਸ਼ ਸਨ | ਉਹ ਸਿਰਫ਼ ਝੂਠ ਦੀ ਦੁਕਾਨ ਖ਼ੋਲ ਕੇ ਆਮ ਜਨਤਾ ਨੰੂ ਗੁਮਰਾਹ ਕਰਨ ਵਿਚ ਲੱਗੇ ਹਨ, ਪਰ ਜਨਤਾ ਇਨ੍ਹਾਂ ਨੰੂ ਚੰਗੇ ਤਰ੍ਹਾ ਸਮਝਦੀ ਹੈ |