ਡੇਰਾਬੱਸੀ, 27 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਸ਼ਹਿਰ 'ਚ ਬੀਤੀ ਰਾਤ ਚੋਰਾਂ ਨੇ ਸ਼ਹਿਰ ਦੇ ਚਾਰ ਮੁੱਖ ਟਿਊਬਵੈੱਲਾਂ ਦੇ ਜਿੰਦਰੇ ਤੋੜ ਕੇ ਉਥੋਂ ਬਿਜਲੀ ਦੀਆਂ ਤਾਰਾਂ, ਸਟਾਰਟਰ ਅਤੇ ਤਾਂਬੇ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ | ਇਸ ਘਟਨਾ ਕਾਰਨ ਅੱਤ ਦੀ ਗਰਮੀ 'ਚ ਸ਼ਹਿਰ ਦੀ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਖ਼ਬਰ ਲਿਖੇ ਜਾਣ ਤੱਕ ਕੌਂਸਲ ਵਲੋਂ ਨਵੀਂਆਂ ਤਾਰਾਂ ਅਤੇ ਸਟਾਰਟਰ ਲਗਾ ਕੇ ਪਾਣੀ ਦੀ ਸਪਲਾਈ ਬਹਾਲ ਕਰਨ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਸੀ | ਜਾਣਕਾਰੀ ਅਨੁਸਾਰ ਚੋਰਾਂ ਨੇ ਗੁਲਾਬਗੜ੍ਹ ਰੋਡ ਅਤੇ ਨੇੜਲੇ ਇਲਾਕਿਆਂ 'ਚ ਯੋਜਨਾਬੱਧ ਤਰੀਕੇ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ | ਪਹਿਲਾਂ ਉਨ੍ਹਾਂ ਨੇ ਬਰੋਟੇ ਨੇੜਲੇ ਟਿਊਬਵੈੱਲ ਜੋ ਕਿ ਗੁਲਾਬਗੜ੍ਹ ਰੋਡ 'ਤੇ ਨਵਾਂ ਲਗਾਇਆ ਗਿਆ ਹੈ, ਨੂੰ ਨਿਸ਼ਾਨਾ ਬਣਾਇਆ | ਇਸ ਤੋਂ ਬਾਅਦ ਚੋਰਾਂ ਨੇ ਗ੍ਰੀਨਸ ਸਵਿਟਸ ਨੇੜੇ ਸਥਿਤ ਪੁਰਾਣੇ ਟਿਊਬਵੈੱਲ, ਅਸ਼ੋਕ ਵਾਟਿਕਾ ਗਰਾਊਾਡ ਨੇੜੇ ਸਥਿਤ ਟਿਊਬਵੈੱਲ ਅਤੇ ਤਹਿਸੀਲ ਕੰਪਲੈਕਸ ਦੇ ਬਿਲਕੁੱਲ ਬਾਹਰ ਲੱਗੇ ਨਵੇਂ ਟਿਊਬਵੈੱਲ ਦੀਆਂ ਤਾਰਾਂ ਵੀ ਚੋਰੀ ਕਰ ਲਈਆਂ | ਇਲਾਕੇ 'ਚ ਕਈ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਚੋਰਾਂ ਨੇ ਬੇਖ਼ੌਫ਼ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ | ਘਟਨਾ ਬਾਰੇ ਉਦੋਂ ਪਤਾ ਚੱਲਿਆ ਜਦੋਂ ਸਵੇਰ ਸਮੇਂ ਘਰਾਂ 'ਚ ਪਾਣੀ ਦੀ ਸਪਲਾਈ ਨਹੀਂ ਹੋਈ | ਇਸ ਤੋਂ ਬਾਅਦ ਜਦੋਂ ਨਗਰ ਕੌਂਸਲ ਦੇ ਆਪ੍ਰੇਟਰਾਂ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਤਾਂ ਟਿਊਬਵੈੱਲਾਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਅੰਦਰੋਂ ਕੀਮਤੀ ਸਾਮਾਨ ਗਾਇਬ ਸੀ | ਇਸ ਮਾਮਲੇ ਸੰਬੰਧੀ ਡੇਰਾਬੱਸੀ ਦੇ ਥਾਣਾ ਮੁਖੀ ਸੁਮਿਤ ਮੋਰ ਨੇ ਦੱਸਿਆ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ |