ਚੰਡੀਗੜ੍ਹ, 27 ਅਪ੍ਰੈਲ (ਕਪਿਲ ਵਧਵਾ)- ਹਫ਼ਤਾਵਾਰੀ ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਸ਼ਹਿਰ ਦੀਆਂ ਦੋ ਮਹੱਤਵਪੂਰਨ ਥਾਵਾਂਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਸੈਂਟਰ ਅਤੇ ਡਿਪਟੀ ਕਮਿਸ਼ਨਰ (ਡੀ.ਸੀ.) ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਹੜਕੰਪ ਮਚ ਗਿਆ | ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਚੰਡੀਗੜ੍ਹ ਪੁਲਿਸ ਦੇ ਹੈੱਡਕੁਆਰਟਰ ਵਿਖੇ ਫੋਨ ਕਾਲ ਰਾਹੀਂ ਪ੍ਰਾਪਤ ਹੋਈ | ਧਮਕੀ ਮਿਲਦੇ ਹੀ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ ਅਤੇ ਦੋਵਾਂ ਥਾਵਾਂ 'ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ | ਸੋਮਵਾਰ ਹੋਣ ਕਰਕੇ ਦੋਵਾਂ ਥਾਵਾਂ 'ਤੇ ਆਮ ਤੋਂ ਵੱਧ ਭੀੜ ਮੌਜੂਦ ਸੀ, ਜਿਸ ਕਾਰਨ ਪੁਲਿਸ ਨੇ ਤੁਰੰਤ ਸਾਵਧਾਨੀ ਵਜੋਂ ਚੈਕਿੰਗ ਮੁਹਿੰਮ ਚਲਾਈ ਅਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਹਰ ਪੱਖੋਂ ਜਾਂਚ ਕੀਤੀ | ਬੰਬ ਨਿਰੋਧਕ ਦਸਤੇ ਅਤੇ ਡੌਗ ਸਕੂਐਡ ਨੂੰ ਵੀ ਮੌਕੇ 'ਤੇ ਤਾਇਨਾਤ ਕੀਤਾ ਗਿਆ | ਸੁਰੱਖਿਆ ਏਜੰਸੀਆਂ ਅਨੁਸਾਰ ਕੁਝ ਘੰਟਿਆਂ ਦੀ ਤਲਾਸ਼ੀ ਮੁਹਿੰਮ ਉਪਰੰਤ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ | ਹਾਲਾਂਕਿ ਪੁਲਿਸ ਵਲੋਂ ਇਸ ਗੱਲ ਬਾਰੇ ਕੋਈ ਵਧੇਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿ ਫ਼ੋਨ ਕਰਨ ਵਾਲੇ ਨੇ ਗੱਲਬਾਤ ਦੌਰਾਨ ਕੀ ਕੁਝ ਕਿਹਾ ਜਾਂ ਇਸ ਧਮਕੀ ਦੇ ਪਿੱਛੇ ਕੀ ਮਕਸਦ ਸੀ | ਪੁਲਿਸ ਵਲੋਂ ਅਣਪਛਾਤੇ ਵਿਅਕਤੀ ਦੀ ਫੋਨ ਕਾਲ ਦੀ ਟਰੇਸਿੰਗ ਅਤੇ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਜਲਦੀ ਹੀ ਮੁਲਜ਼ਮ ਨੂੰ ਕਾਬੂ ਕੀਤਾ ਜਾ ਸਕੇ |