ਚੰਡੀਗੜ੍ਹ, 2 ਮਈ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਸੂਬੇ ਵਿਚ ਲੋਕਾਂ ਨੂੰ ਕਿਫ਼ਾਇਤੀ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ 'ਮੁੱਖ ਮੰਤਰੀ ਸਿਹਤ ਯੋਜਨਾ' ਬਾਰੇ ਅਹਿਮ ਅੱਪਡੇਟ ਸਾਂਝਾ ਕੀਤਾ ਹੈ | ਹੁਣ ਤੱਕ ਇਸ ਯੋਜਨਾ ਤਹਿਤ 465.36 ਕਰੋੜ ਰੁਪਏ ਤੋਂ ਵੱਧ ਦਾ ਇਲਾਜ ਕੀਤਾ ਜਾ ਚੁੱਕਾ ਹੈ, 42 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਗਏ ਹਨ ਅਤੇ 2.77 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਇਲਾਜ ਦੀ ਸਹੂਲਤ ਦਿੱਤੀ ਗਈ ਹੈ | ਇਹ ਦਰਸਾਉਂਦਾ ਹੈ ਕਿ ਵੱਡੀ ਗਿਣਤੀ ਵਿਚ ਪਰਿਵਾਰ ਸਿਹਤ ਕਾਰਡ 'ਤੇ ਭਰੋਸਾ ਕਰ ਰਹੇ ਹਨ ਤੇ ਇਸਦਾ ਲਾਭ ਲੈ ਰਹੇ ਹਨ | ਇਸ ਸਫ਼ਲਤਾ ਦੇ ਬਾਵਜੂਦ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਹਾਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਵਾਉਣ | ਸਰਕਾਰ ਨੇ ਜ਼ੋਰ ਦਿੱਤਾ ਹੈ ਕਿ ਮੈਡੀਕਲ ਐਮਰਜੈਂਸੀ ਕਿਸੇ ਵੀ ਸਮੇਂ ਆ ਸਕਦੀ ਹੈ ਤੇ ਸਮੇਂ ਸਿਰ ਰਜਿਸਟ੍ਰੇਸ਼ਨ ਪਰਿਵਾਰਾਂ ਨੂੰ ਅਜਿਹੇ ਵੇਲੇ ਆਰਥਿਕ ਬੋਝ ਤੋਂ ਬਚਾ ਸਕਦੀ ਹੈ | ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਪੰਜਾਬ ਦੇ ਹਰ ਨਾਗਰਿਕ ਲਈ ਸਿਹਤ ਸੇਵਾਵਾਂ ਨੂੰ ਸੌਖਾ ਤੇ ਸਸਤਾ ਬਣਾ ਰਹੀ ਹੈ | ਉਨ੍ਹਾਂ ਦੱਸਿਆ ਕਿ ਲਗਭਗ 2.77 ਲੱਖ ਪ੍ਰੀ-ਆਥਰਾਈਜ਼ੇਸ਼ਨ ਬੇਨਤੀਆਂ 'ਤੇ 465.36 ਕਰੋੜ ਰੁਪਏ ਤੋਂ ਵੱਧ ਖ਼ਰਚ ਤੇ 42 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਇਸ ਗੱਲ ਦਾ ਸਪਸ਼ੱਟ ਸਬੂਤ ਹਨ ਕਿ ਲੋਕ ਇਸ ਯੋਜਨਾ 'ਤੇ ਭਰੋਸਾ ਕਰ ਰਹੇ ਹਨ | ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿੰਨ੍ਹਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ, ਉਹ ਦੇਰੀ ਨਾ ਕਰਨ ਕਿਉਂਕਿ ਇਹ ਯੋਜਨਾ ਲੋੜ ਪੈਣ 'ਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਦੀ ਹੈ | ਇਸ ਯੋਜਨਾ ਦੀ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਹ ਸਭ ਲਈ ਲਾਭਕਾਰੀ ਹੈ | ਯੋਜਨਾ ਅਧੀਨ ਵੱਧ ਤੋਂ ਵੱਧ ਲੋਕਾਂ ਦੀ ਰਜਿਸਟ੍ਰੇਸ਼ਨ ਲਈ ਸਰਕਾਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿਚ ਰੋਜ਼ਾਨਾ ਰਜਿਸਟ੍ਰੇਸ਼ਨ ਕੈਂਪ ਲਗਾ ਰਹੀ ਹੈ | ਇਹ ਕੈਂਪ ਗੁਰਦੁਆਰਿਆਂ, ਪੰਚਾਇਤ ਘਰਾਂ, ਮੰਦਰਾਂ ਤੇ ਕਮਿਊਨਿਟੀ ਸੈਂਟਰਾਂ ਵਿਖੇ ਲਗਾਏ ਜਾ ਰਹੇ ਹਨ | ਇੱਥੇ ਸਿੱਖਿਅਤ ਕਰਮਚਾਰੀ ਮੌਜੂਦ ਹੁੰਦੇ ਹਨ, ਜੋ ਲੋਕਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਦੇ ਹਨ ਤੇ ਮੌਕੇ 'ਤੇ ਹੀ ਰਜਿਸਟ੍ਰੇਸ਼ਨ ਪੂਰੀ ਕਰਵਾਉਣ 'ਚ ਮਦਦ ਕਰਦੇ ਹਨ | ਸਰਕਾਰ ਨੇ ਲੋਕਾਂ ਵਿਚ ਪ੍ਰਚਲਿਤ ਕੁੱਝ ਆਮ ਗ਼ਲਤਫ਼ਹਿਮੀਆਂ ਵੀ ਦੂਰ ਕੀਤੀਆਂ ਹਨ | ਇਹ ਯੋਜਨਾ ਕੇਵਲ ਗਰੀਬ ਪਰਿਵਾਰਾਂ ਲਈ ਨਹੀਂ, ਸਗੋਂ ਪੰਜਾਬ ਦੇ ਹਰ ਨਿਵਾਸੀ ਲਈ ਹੈ | ਇਸ ਯੋਜਨਾ ਤਹਿਤ ਸਰਕਾਰੀ ਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿਚ ਇਲਾਜ ਨਕਦੀ -ਰਹਿਤ ਹੈ | ਹਰ ਪਰਿਵਾਰ ਨੂੰ ਪ੍ਰਤੀ ਵਰ੍ਹੇ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਮਿਲਦਾ ਹੈ, ਜਿਸ ਵਿਚ ਵੱਡੀਆਂ ਸਰਜਰੀਆਂ ਤੇ ਗੰਭੀਰ ਬੀਮਾਰੀਆਂ ਵੀ ਸ਼ਾਮਲ ਹਨ |