ਚੰਡੀਗੜ੍ਹ, 2 ਮਈ (ਕਪਿਲ ਵਧਵਾ)- ਕਰਜ਼ੇ ਵਾਪਸੀ ਦੇ ਦਬਾਅ ਕਾਰਨ ਇਕ ਵਿਅਕਤੀ ਵਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਸੈਕਟਰ-34 ਚੰਡੀਗੜ੍ਹ ਪੁਲਿਸ ਨੇ ਦੋ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਨੇ ਅਨੀਸ਼ ਖਟਕ ਵਾਸੀ ਸੈਕਟਰ-32ਸੀ ਚੰਡੀਗੜ੍ਹ ਦੀ ਸ਼ਿਕਾਇਤ ਦੇ ਆਧਾਰ 'ਤੇ ਸਤੀਸ਼ ਨਾਗਰ ਅਤੇ ਪ੍ਰੇਮ ਬਿਸ਼ਟ ਖ਼ਿਲਾਫ਼ ਪਰਚਾ ਦਰਜ ਕੀਤਾ ਹੈ | ਸ਼ਿਕਾਇਤਕਰਤਾ ਅਨੁਸਾਰ ਉਸਦੇ ਪਿਤਾ ਰਾਜ ਕੁਮਾਰ ਨੇ 30 ਅਪ੍ਰੈਲ ਨੂੰ ਜ਼ਹਿਰੀਲੀ ਵਸਤੂ ਨਿਗਲ ਲਈ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਉਸਨੂੰ ਜੀ.ਐੱਮ.ਸੀ.ਐੱਚ.-32 ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ | ਐੱਸ.ਐੱਚ.ਓ. ਥਾਣਾ ਸੈਕਟਰ-34 ਇੰਸਪੈਕਟਰ ਸ਼ਾਦੀ ਲਾਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮਿ੍ਤਕ ਰਾਜ ਕੁਮਾਰ ਨੇ ਨਾਮਜ਼ਦ ਕੀਤੇ ਗਏ ਵਿਅਕਤੀਆਂ ਤੋਂ ਵਿਆਜ 'ਤੇ ਪੈਸੇ ਲਏ ਹੋਏ ਸਨ | ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਕਰਜ਼ਾ ਵਾਪਸ ਕਰਨ ਲਈ ਉਸ 'ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ | ਪੁਲਿਸ ਅਨੁਸਾਰ ਮਿ੍ਤਕ ਦੇ ਪੁੱਤਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ |