ਚੰਡੀਗੜ੍ਹ, 2 ਮਈ (ਕਪਿਲ ਵਧਵਾ)- ਚੰਡੀਗੜ੍ਹ ਦੇ ਮਨੀਮਾਜਰਾ ਇਲਾਕੇ ਦੇ ਜੰਗਲਾਤ ਖੇਤਰ ਵਿਚ ਨਗਰ ਨਿਗਮ ਦੇ ਇਕ ਕਰਮਚਾਰੀ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਕਿ੍ਸ਼ਨ ਕੁਮਾਰ ਵਜੋਂ ਹੋਈ ਹੈ, ਜੋ ਮਨੀਮਾਜਰਾ ਦਾ ਰਹਿਣ ਵਾਲਾ ਸੀ ਤੇ ਨਗਰ ਨਿਗਮ ਵਿਚ ਟਿਊਬਵੈੱਲ ਆਪਰੇਟਰ ਵਜੋਂ ਕੰਮ ਕਰਦਾ ਸੀ | ਜਾਣਕਾਰੀ ਅਨੁਸਾਰ ਮਿ੍ਤਕ ਦੇ ਸਰੀਰ, ਖ਼ਾਸ ਕਰਕੇ ਪਿੱਠ 'ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ ਜਿਸ ਕਾਰਨ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ | ਘਟਨਾ ਦੀ ਸੂਚਨਾ ਮਿਲਣ ਉਪਰੰਤ ਥਾਣਾ ਮਨੀਮਾਜਰਾ ਦੇ ਮੁਖੀ ਇੰਸਪੈਕਟਰ ਮਨਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਇਸ ਤੋਂ ਇਲਾਵਾ ਫੋਰੈਂਸਿਕ ਟੀਮ ਵਲੋਂ ਵੀ ਮੌਕਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ ਗਏ ਹਨ | ਮਿ੍ਤਕ ਦੇ ਭਰਾ ਨੇ ਦੱਸਿਆ ਕਿ ਕਿ੍ਸ਼ਨ ਕੁਮਾਰ ਹਰ ਰੋਜ਼ ਦੀ ਤਰ੍ਹਾਂ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਡਿਊਟੀ ਲਈ ਗਿਆ ਸੀ ਤੇ ਉਸਦੀ ਡਿਊਟੀ ਸ਼ਾਮ 4 ਵਜੇ ਖ਼ਤਮ ਹੋ ਜਾਂਦੀ ਸੀ ਪਰ ਉਸ ਦਿਨ ਡਿਊਟੀ ਖ਼ਤਮ ਹੋਣ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ, ਜਿਸ ਨਾਲ ਪਰਿਵਾਰ ਪ੍ਰੇਸ਼ਾਨ ਹੋ ਗਿਆ ਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ | ਉਸਨੇ ਦੱਸਿਆ ਕਿ ਸਨਿਚਰਵਾਰ ਸਵੇਰੇ ਕਰੀਬ 9:30 ਵਜੇ ਪੁਲਿਸ ਵਲੋਂ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ ਕਿ ਕਿ੍ਸ਼ਨ ਕੁਮਾਰ ਦੀ ਲਾਸ਼ ਮਨੀਮਾਜਰਾ ਦੇ ਨੇੜੇ ਕਲਾਗ੍ਰਾਮ ਖੇਤਰ ਦੇ ਜੰਗਲ ਵਿਚ ਮਿਲੀ ਹੈ | ਪਰਿਵਾਰ ਜਦੋਂ ਮੌਕੇ 'ਤੇ ਪਹੁੰਚਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਲਾਸ਼ ਨਗਨ ਹਾਲਤ ਵਿਚ ਪਈ ਹੋਈ ਸੀ | ਪਰਿਵਾਰਕ ਮੈਂਬਰਾਂ ਵਲੋਂ ਇਸ ਘਟਨਾ ਨੂੰ ਸ਼ੱਕੀ ਕਰਾਰ ਦਿੰਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ | ਉੱਧਰ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਦੀ ਤਲਾਸ਼ੀ ਦੇ ਨਾਲ-ਨਾਲ ਸੀ.ਸੀ.ਟੀ.ਵੀ. ਫੁਟੇਜ ਖੰਘਾਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਮੁਰਦਾਘਰ ਵਿਖੇ ਰਖਵਾਇਆ ਗਿਆ ਹੈ ਤੇ ਐਤਵਾਰ ਨੂੰ ਪਰਿਵਾਰ ਦੀ ਸਹਿਮਤੀ 'ਤੇ ਕਿ੍ਸ਼ਨ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਜੰਗਲਾਤ ਇਲਾਕੇ ਵਿਚ ਦਾਖ਼ਲੇ ਵਾਲੇ ਰਸਤੇ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਪੱਖ ਤੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ |