ਜ਼ੀਰਕਪੁਰ, 5 ਮਈ (ਮਨਿੰਦਰ ਸਿੰਘ)-ਬਲਟਾਣਾ ਪੁਲਿਸ ਨੇ ਇਕ ਦੁਕਾਨਦਾਰ ਦੀ ਸ਼ਿਕਾਇਤ 'ਤੇ ਉਸ ਨਾਲ ਕੁੱਟਮਾਰ ਕਰਨ, ਗਾਲੀ-ਗਲੌਚ ਤੇ ਜਬਰਦਸਤੀ ਵਸੂਲੀ ਦੇ ਦੋਸ਼ਾਂ ਹੇਠ ਬੀ.ਐਨ.ਐੱਸ. ਦੀ ਧਾਰਾ 332(ਸੀ), 126(2),115(2) ਅਤੇ 351(2) ਦੇ ਤਹਿਤ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮੁਲਜ਼ਮ ਦੀ ਪਛਾਣ ਵਿਕਰਮ ਧਵਨ ਵਾਸੀ ਗਿੱਲ ਕਾਲੋਨੀ ਪੀਰ ਬਾਬਾ ਰੋਡ ਬਲਟਾਣਾ ਵਜੋਂ ਹੋਈ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਵੀ ਨਾਇਰ ਵਾਸੀ ਗੋਬਿੰਦ ਵਿਹਾਰ ਬਲਟਾਣਾ ਨੇ ਦੱਸਿਆ ਕਿ ਉਸ ਨੇ ਸੈਣੀ ਡੇਅਰੀ ਨੇੜੇ ਇਕ ਦੁਕਾਨ ਖਰੀਦੀ ਸੀ, ਜਿਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ | ਬੀਤੀ 4 ਮਈ ਦੀ ਸਵੇਰੇ ਉਕਤ ਉਕਤ ਉਥੇ ਪਹੁੰਚਿਆ ਅਤੇ ਮਜ਼ਦੂਰਾਂ ਨੂੰ ਕੰਮ ਬੰਦ ਕਰਨ ਲਈ ਕਹਿਣ ਲੱਗ ਪਿਆ | ਸ਼ਿਕਾਇਤਕਰਤਾ ਦੇ ਮੁਤਾਬਕ ਮੁਲਜ਼ਮ ਆਪਣੇ ਆਪ ਨੂੰ ਮੀਡੀਆ ਨਾਲ ਜੁੜਿਆ ਦੱਸ ਕੇ ਦੁਕਾਨ ਵਿਚ ਦਾਖ਼ਲ ਹੋਇਆ ਅਤੇ ਤਸਵੀਰਾਂ ਖਿੱਚਣ ਲੱਗ ਪਿਆ | ਇਸ ਦੌਰਾਨ ਜਦੋਂ ਰਵੀ ਨਾਇਰ ਨੇ ਉਸ ਨੂੰ ਰੋਕਿਆ ਤਾਂ ਮੁਲਜ਼ਮ ਨੇ ਗਾਲੀ-ਗਲੌਚ ਕੀਤੀ ਤੇ ਉਸ ਨਾਲ ਹੱਥਾਪਾਈ ਕੀਤੀ | ਇਸ ਦੌਰਾਨ ਮੁਲਜ਼ਮ ਨੇ ਉਸ ਦੀ ਟੀ-ਸ਼ਰਟ ਫਾੜ ਦਿੱਤੀ | ਰਵੀ ਨਾਇਰ ਨੇ ਇਹ ਵੀ ਦੋਸ਼ ਲਗਾਇਆ ਕਿ ਮੁਲਜ਼ਮ ਪਹਿਲਾਂ ਵੀ ਉਸ ਤੋਂ ਨਿਰਮਾਣ ਕੰਮ ਦੀ ਇਜਾਜ਼ਤ ਦੇ ਨਾਂਅ 'ਤੇ 2 ਲੱਖ ਰੁ. ਦੀ ਮੰਗ ਕਰ ਚੁੱਕਾ ਹੈ ਅਤੇ ਉਹ 15 ਹਜ਼ਾਰ ਰੁ. ਵੀ ਪਹਿਲਾਂ ਹੀ ਦੇ ਚੁੱਕਾ ਹੈ, ਪਰ ਇਸ ਦੇ ਬਾਵਜੂਦ ਮੁਲਜ਼ਮ ਉਸ 'ਤੇ ਦਬਾਅ ਬਣਾਉਂਦਾ ਰਿਹਾ | ਪੁਲਿਸ ਚੌਕੀ ਬਲਟਾਣਾ ਦੇ ਇੰਚਾਰਜ ਸਬ-ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਕੁੱਟਮਾਰ, ਕੰਮ ਵਿਚ ਰੁਕਾਵਟ ਪੈਦਾ ਕਰਨ, ਜਬਰਦਸਤੀ ਦੁਕਾਨ 'ਚ ਦਾਖ਼ਲ ਹੋਣ ਤੇ ਧਮਕਾਉਣ ਦੇ ਦੋਸ਼ ਸਹੀ ਪਾਏ ਗਏ ਹਨ | ਇਸ ਆਧਾਰ 'ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਅਨੁਸਾਰ ਜਬਰਦਸਤੀ ਵਸੂਲੀ ਦੇ ਦੋਸ਼ਾਂ ਦੀ ਜਾਂਚ ਜਾਰੀ ਹੈ | ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਤੇ ਮੈਜਿਸਟ੍ਰੇਟ ਨੂੰ ਭੇਜ ਦਿੱਤੀ ਗਈ ਹੈ |