ਡੇਰਾਬੱਸੀ, 5 ਮਈ (ਰਣਬੀਰ ਸਿੰਘ ਪੜ੍ਹੀ)-ਸਥਾਨਕ ਅਮਰਦੀਪ ਨਗਰ ਦੇ ਰਿਹਾਇਸ਼ੀ ਖੇਤਰ 'ਚ ਸਥਿਤ ਇਕ ਕਬਾੜ ਦੇ ਗੋਦਾਮ 'ਚ ਮੰਗਲਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਇਲਾਕੇ 'ਚ ਅਫ਼ਰਾ-ਤਫ਼ਰੀ ਮਚ ਗਈ | ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਆਸ-ਪਾਸ ਦੇ ਘਰਾਂ 'ਚ ਰਹਿਣ ਵਾਲੇ ਲੋਕ ਗਰਮੀ ਅਤੇ ਦਹਿਸ਼ਤ ਕਾਰਨ ਆਪਣੇ ਘਰਾਂ 'ਚੋਂ ਬਾਹਰ ਨਿਕਲ ਆਏ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 10 ਵਜੇ ਵਕਫ਼ ਬੋਰਡ ਦੀ ਜ਼ਮੀਨ 'ਤੇ ਬਣੇ ਇਕ ਕਬਾੜ ਦੇ ਗੋਦਾਮ 'ਚ ਵਾਪਰਿਆ | ਹਾਦਸੇ ਦੌਰਾਨ ਗੋਦਾਮ 'ਚ ਪਏ ਪਲਾਸਟਿਕ ਅਤੇ ਹੋਰ ਸੁੱਕੇ ਕੂੜੇ ਨੇ ਦੇਖਦੇ ਹੀ ਦੇਖਦੇ ਅੱਗ ਫੜ੍ਹ ਲਈ, ਜਿਸ ਕਾਰਨ ਕਾਲੇ ਧੂੰਏਾ ਦੇ ਗੁਬਾਰ ਅਸਮਾਨ 'ਚ ਫੈਲ ਗਏ | ਇਹ ਧੂੰਆਂ ਕਈ ਕਿੱਲੋਮੀਟਰ ਦੂਰ ਤੋਂ ਸਾਫ਼ ਦਿਖਾਈ ਦੇ ਰਿਹਾ ਸੀ | ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬਿ੍ਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਸਥਾਨਕ ਵਸਨੀਕਾਂ ਨੇ ਦੱਸਿਆ ਕਿ ਇਹ ਗੋਦਾਮ ਹਰੀਸ਼ ਨਾਮਕ ਵਿਅਕਤੀ ਦਾ ਹੈ | ਦੱਸਿਆ ਜਾ ਰਿਹਾ ਹੈ ਕਿ ਹਰੀਸ਼ ਪਿਛਲੇ ਦੋ-ਤਿੰਨ ਦਿਨਾਂ ਤੋਂ ਆਪਣੀ ਦੁਕਾਨ ਅਤੇ ਘਰ ਛੱਡ ਕੇ ਫ਼ਰਾਰ ਹੈ | ਚਰਚਾ ਹੈ ਕਿ ਉਸ ਦੇ ਸਿਰ 'ਤੇ ਲੱਖਾਂ ਰੁ. ਦੀ ਦੇਣਦਾਰੀ ਹੈ, ਜਿਸ ਕਾਰਨ ਉਹ ਰੂਪੋਸ਼ ਹੋ ਗਿਆ ਹੈ | ਇਲਾਕਾ ਨਿਵਾਸੀਆਂ ਨੇ ਨਗਰ ਕੌਂਸਲ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਰਿਹਾਇਸ਼ੀ ਖੇਤਰ 'ਚ ਚੱਲ ਰਹੇ ਇਸ ਨਾਜਾਇਜ਼ ਕਬਾੜ ਦੇ ਗੋਦਾਮ ਨੂੰ ਹਟਾਉਣ ਲਈ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ, ਪਰ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਲੋਕਾਂ ਅਨੁਸਾਰ ਅੱਜ ਫਾਇਰ ਬਿ੍ਗੇਡ ਦੀ ਮੁਸ਼ਤੈਦੀ ਕਾਰਨ ਇਕ ਵੱਡਾ ਹਾਦਸਾ ਹੋਣੋਂ ਟਲ ਗਿਆ, ਨਹੀਂ ਤਾਂ ਅੱਗ ਨੇ ਨੇੜਲੇ ਘਰਾਂ ਨੂੰ ਵੀ ਆਪਣੀ ਲਪੇਟ 'ਚ ਲੈ ਲੈਣਾ ਸੀ | ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |