ਐੱਸ. ਏ. ਐੱਸ. ਨਗਰ, 5 ਮਈ (ਕਪਿਲ ਵਧਵਾ)-ਸਥਾਨਕ ਥਾਣਾ ਫੇਜ਼-8 ਅਧੀਨ ਪੈਂਦੇ ਖੇਤਰ ਵਿਚ ਹਾਦਸੇ ਦੀ ਆੜ 'ਚ ਕਤਲ ਕੀਤੇ ਜਾਣ ਦੇ ਸੰਨਸਨੀ-ਖੇਜ਼ ਮਾਮਲੇ ਵਿਚ ਅਦਾਲਤ ਨੇ ਅਹਿਮ ਫ਼ੈਸਲਾ ਸੁਣਾਇਆ ਹੈ | ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਤਿਕਾ ਵਰਮਾ ਦੀ ਅਦਾਲਤ ਨੇ ਇਸ ਮਾਮਲੇ ਵਿਚ ਨਾਮਜ਼ਦ ਰਵੀ ਕਾਂਤ ਨੂੰ ਬਰੀ ਕਰ ਦਿੱਤਾ ਹੈ, ਜਦਕਿ ਬਾਕੀ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ | ਮਾਮਲੇ ਅਨੁਸਾਰ 7 ਫਰਵਰੀ 2022 ਨੂੰ ਗੁਰਦੁਆਰਾ ਅੰਬ ਸਾਹਿਬ ਨੇੜੇ ਇਕ ਵਿਅਕਤੀ ਦੀ ਲਾਸ਼ ਸੜਕ 'ਤੇ ਮਿਲੀ ਸੀ, ਜਿਸ ਨੂੰ ਸ਼ੁਰੂਆਤੀ ਤੌਰ 'ਤੇ ਸੜਕ ਹਾਦਸਾ ਮੰਨ ਕੇ ਪੁਲਿਸ ਨੇ ਧਾਰਾ 279 ਅਤੇ 304-ਏ ਤਹਿਤ ਮਾਮਲਾ ਦਰਜ ਕੀਤਾ ਸੀ, ਪ੍ਰੰਤੂ ਮਿ੍ਤਕ ਦੇ ਪਿਤਾ ਦੇ ਬਿਆਨਾਂ ਤੋਂ ਬਾਅਦ ਜਾਂਚ ਦਾ ਰੁਖ ਬਦਲਿਆ ਅਤੇ ਮਾਮਲਾ ਕਤਲ ਵੱਲ ਮੁੜ ਗਿਆ | ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿ੍ਤਕ ਲਲਿਤ ਕੁਮਾਰ ਦੇ ਦੋਸ਼ੀ ਦਲੀਪ ਯਾਦਵ ਦੀ ਪਤਨੀ ਨਾਲ ਸੰਬੰਧ ਹੋਣ ਕਾਰਨ ਦਲੀਪ ਯਾਦਵ ਉਸ ਨਾਲ ਰੰਜਿਸ਼ ਰੱਖਦਾ ਸੀ ਅਤੇ ਪਹਿਲਾਂ ਵੀ ਧਮਕੀਆਂ ਦੇ ਚੁੱਕਾ ਸੀ | ਪੁਲਿਸ ਨੇ ਮਾਮਲੇ ਵਿਚ ਧਾਰਾ 302, 120-ਬੀ ਅਤੇ 201 ਆਈ. ਪੀ. ਸੀ. ਤਹਿਤ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਸੀ | ਮਾਮਲੇ ਦੀ ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਦੋ ਮੁਲਜ਼ਮਾਂ ਨੂੰ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਰਵੀ ਕਾਂਤ ਖ਼ਿਲਾਫ਼ ਦੋਸ਼ ਸਾਬਿਤ ਨਾ ਹੋਣ ਕਾਰਨ ਉਸ ਨੂੰ ਬਰੀ ਕਰ ਦਿੱਤਾ ਗਿਆ |