ਪੰਚਕੂਲਾ, 5 ਮਈ (ਕਪਿਲ)-ਪੰਚਕੂਲਾ ਪੁਲਿਸ ਨੇ ਰਾਏਪੁਰ ਰਾਣੀ ਖੇਤਰ ਵਿਚ ਹੋਏ ਬਲਾਈਾਡ ਮਰਡਰ ਕੇਸ ਨੂੰ ਸੁਲਝਾਉਂਦੇ ਹੋਏ ਵੱਡੀ ਸਫਲਤਾ ਹਾਸਿਲ ਕੀਤੀ ਹੈ | ਇਸ ਕੇਸ 'ਚ 5 ਵਿਸ਼ੇਸ਼ ਟੀਮਾਂ ਵਲੋਂ ਲਗਾਤਾਰ 120 ਘੰਟਿਆਂ ਦੀ ਕਾਰਵਾਈ ਅਤੇ 400 ਤੋਂ ਵੱਧ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲਣ ਤੋਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਮਾਮਲੇ ਸੰਬੰਧੀ ਡੀ. ਸੀ. ਪੀ. ਕ੍ਰਾਈਮ ਐਂਡ ਟ੍ਰੈਫਿਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੀਤੀ 28/29 ਅਪ੍ਰੈਲ ਦੀ ਦਰਮਿਆਨੀ ਰਾਤ ਰਾਏਪੁਰ ਰਾਣੀ ਖੇਤਰ ਦੇ ਖੇਤਪਰਾਲੀ ਪੁਲ ਹੇਠ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ, ਪਰ ਮੌਕੇ ਤੋਂ ਕੋਈ ਮੋਬਾਈਲ ਫੋਨ ਜਾਂ ਕੋਈ ਪਛਾਣ ਪੱਤਰ ਨਾ ਮਿਲਣ ਕਾਰਨ ਇਹ ਮਾਮਲਾ ਪੂਰੀ ਤਰ੍ਹਾਂ ਬਲਾਈਾਡ ਮਰਡਰ ਵਜੋਂ ਸਾਹਮਣੇ ਆਇਆ | ਪੁਲਿਸ ਨੇ ਤੁਰੰਤ ਮੌਕੇ ਨੂੰ ਸੀਲ ਕਰਕੇ ਸਾਇੰਟਿਫਿਕ ਤਰੀਕੇ ਨਾਲ ਸਬੂਤ ਇਕੱਠੇ ਕੀਤੇ ਅਤੇ ਲਾਸ਼ ਨੂੰ ਪਛਾਣ ਲਈ ਸੈਕਟਰ-6 ਸਿਵਲ ਹਸਪਤਾਲ ਦੇ ਮੋਰਚਰੀ ਵਿਚ ਰਖਵਾਇਆ | ਜਾਂਚ ਦੌਰਾਨ ਮਿ੍ਤਕ ਦੀ ਪਛਾਣ ਹਰਿੰਦਰ ਸਿੰਘ (32) ਵਾਸੀ ਤੀੜਾ ਜ਼ਿਲ੍ਹਾ ਮੁਹਾਲੀ ਵਜੋਂ ਹੋਈ ਜੋ ਰੈਪਿਡੋ ਚਾਲਕ ਸੀ | ਉਸ ਦੀ ਪਛਾਣ ਉਸਦੇ ਭਰਾ ਸਤਿੰਦਰ ਸਿੰਘ ਵਲੋਂ ਕੀਤੀ ਗਈ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵਲੋਂ 5 ਖ਼ਾਸ ਟੀਮਾਂ ਬਣਾਈਆਂ ਗਈਆਂ ਅਤੇ ਲੰਬੀ ਜਾਂਚ ਤੋਂ ਬਾਅਦ ਬੀਤੀ 3 ਮਈ ਨੂੰ ਦੋ ਮੁਲਜ਼ਮਾਂ ਸੰਗਮ ਕੁਮਾਰ (23) ਅਤੇ ਵਿਜੈ ਕੁਮਾਰ ਉਰਫ਼ ਦੀਨਾਨਾਥ (35) ਦੋਵੇਂ ਵਾਸੀ ਮੁਹਾਲੀ ਨੂੰ ਗਿ੍ਫ਼ਤਾਰ ਕੀਤਾ ਗਿਆ | ਡੀ. ਸੀ. ਪੀ. ਕ੍ਰਾਈਮ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਮਿ੍ਤਕ ਅਤੇ ਦੋਵੇਂ ਮੁਲਜ਼ਮ ਪਹਿਲਾਂ ਤੋਂ ਦੋਸਤ ਸਨ ਅਤੇ ਤਿੰਨੇ ਨਸ਼ੇ ਦੇ ਆਦੀ ਸਨ | ਇਹ ਬੱਦੀ (ਹਿਮਾਚਲ ਪ੍ਰਦੇਸ਼) ਦੇ ਨਸ਼ਾ ਮੁਕਤੀ ਕੇਂਦਰ ਵਿਚ ਇਕੱਠੇ ਰਹੇ ਸਨ, ਜੋ 11 ਅਪ੍ਰੈਲ ਨੂੰ ਛੁੱਟੀ ਮਿਲਣ ਤੋਂ ਬਾਅਦ ਮੁੜ ਸੰਪਰਕ ਵਿਚ ਆਏ ਅਤੇ ਦੁਬਾਰਾ ਨਸ਼ਾ ਕਰਨ ਲੱਗ ਪਏ | ਬੀਤੀ 28 ਅਪ੍ਰੈਲ ਨੂੰ ਨਵਾਂਗਰਾਓਾ ਵਿਚ ਨਸ਼ੇ ਦੌਰਾਨ ਤਿੰਨਾਂ ਵਿਚ ਝਗੜਾ ਹੋ ਗਿਆ | ਇਸ ਦੁਆਰਾਂ ਮੁਲਜ਼ਮਾਂ ਨੇ ਹਰਿੰਦਰ ਸਿੰਘ ਨੂੰ ਓਵਰਡੋਜ਼ ਦੇ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਇਸ ਤੋਂ ਬਾਅਦ ਉਹ ਉਸ ਨੂੰ ਉਸਦੀ ਸਵਿਫਟ ਡਿਜ਼ਾਇਰ ਕਾਰ ਵਿਚ ਬਿਠਾ ਕੇ ਖੇਤਪਰਾਲੀ ਪੁਲ ਕੋਲ ਲੈ ਜਾ ਕੇ ਕਰੀਬ 120 ਫੁੱਟ ਦੀ ਉਚਾਈ ਤੋਂ ਹੇਠਾਂ ਸੁੱਟ ਦਿੱਤਾ ਗਿਆ | ਪੁਲਿਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਘਟਨਾ ਵਿਚ ਵਰਤੀ ਗਈ ਸਵਿਫਟ ਡਿਜ਼ਾਇਰ ਕਾਰ ਵੀ ਬਰਾਮਦ ਕਰ ਲਈ ਹੈ, ਜਿਸ ਵਿਚ ਖੂਨ ਦੇ ਨਿਸ਼ਾਨ ਮਿਲੇ ਹਨ | ਇਸ ਤੋਂ ਇਲਾਵਾ ਖੂਨ ਨਾਲ ਲਿਬੜੇ ਕੱਪੜੇ ਅਤੇ ਹੋਰ ਅਹਿਮ ਸਬੂਤ ਵੀ ਹਾਸਿਲ ਕੀਤੇ ਗਏ ਹਨ | ਬੀਤੀ 4 ਮਈ ਨੂੰ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀ, ਜਿਸ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਹੋਏ ਹਨ ਅਤੇ ਹੁਣ ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ |