ਐੱਸ. ਏ. ਐੱਸ. ਨਗਰ, 5 ਮਈ (ਪ੍ਰੋ. ਅਵਤਾਰ ਸਿੰਘ)-ਮੁਹਾਲੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪੂਰੀ ਤਾਕਤ ਝੋਕ ਦਿੱਤੀ ਹੈ | ਪਾਰਟੀ ਦੀ ਸੀਨੀਅਰ ਆਗੂ ਹਰਜਿੰਦਰ ਕੌਰ ਸੋਹਾਣਾ ਦੀ ਅਗਵਾਈ ਹੇਠ ਅੱਜ ਪਿੰਡ ਬੱਲੋਮਾਜਰਾ ਵਾ. ਨੰ. 29 ਅਤੇ ਪਿੰਡ ਸਨੇਟਾ 'ਚ ਭਰਵੇਂ ਇਕੱਠ ਦੇਖਣ ਨੂੰ ਮਿਲੇ | 'ਮੇਰਾ ਹਲਕਾ ਮੇਰਾ ਪਰਿਵਾਰ' ਮੁਹਿੰਮ ਤਹਿਤ ਹੋਈਆਂ ਇਨ੍ਹਾਂ ਮੀਟਿੰਗਾਂ 'ਚ ਔਰਤਾਂ ਦੀ ਵੱਡੀ ਗਿਣਤੀ ਸ਼ਮੂਲੀਅਤ ਨੇ ਵਿਰੋਧੀ ਖੇਮਿਆਂ 'ਚ ਹਲਚਲ ਤੇਜ਼ ਕਰ ਦਿੱਤੀ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਹਰਜਿੰਦਰ ਕੌਰ ਸੋਹਾਣਾ ਨੇ ਕਿਹਾ ਕਿ ਪਿੰਡ ਬੱਲੋਮਾਜਰਾ ਤੇ ਸਨੇਟਾ ਦੇ ਲੋਕਾਂ ਨੇ ਅੱਜ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਸਿਰਫ਼ ਖੋਖਲੇ ਦਾਅਵੇ ਨਹੀਂ, ਸਗੋਂ ਅਕਾਲੀ ਦਲ ਵਾਂਗ ਜ਼ਮੀਨੀ ਪੱਧਰ 'ਤੇ ਵਿਕਾਸ ਚਾਹੁੰਦੇ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਅੱਜ ਪਿੰਡਾਂ ਦਾ ਵਿਕਾਸ ਰੁਕਿਆ ਪਿਆ ਹੈ ਪਰ ਅਕਾਲੀ ਦਲ ਦੀ ਵਾਪਸੀ ਨਾਲ ਹਰ ਵਾਰਡ ਅਤੇ ਪਿੰਡ ਦੀ ਨੁਹਾਰ ਬਦਲੀ ਜਾਵੇਗੀ | ਇਨ੍ਹਾਂ ਮੀਟਿੰਗਾਂ ਦੌਰਾਨ ਪਿੰਡ ਸਨੇਟਾ ਤੇ ਬੱਲੋਮਾਜਰਾ ਦੀਆਂ ਬੀਬੀਆਂ ਨੇ ਇਕਸੁਰ 'ਚ ਕਿਹਾ ਕਿ ਉਹ ਹੁਣ ਚੋਣਾਂ ਦੀ ਕਮਾਂਡ ਆਪਣੇ ਹੱਥਾਂ 'ਚ ਲੈਣ ਲਈ ਤਿਆਰ ਹਨ | ਇਸੇ ਦੌਰਾਨ ਜਸਵੀਰ ਕੌਰ ਬੱਲੋਮਾਜਰਾ ਨੇ ਐਲਾਨ ਕੀਤਾ ਕਿ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਉਹ ਘਰ-ਘਰ ਜਾ ਕੇ ਪ੍ਰਚਾਰ ਕਰਨਗੇ | ਇਸ ਮੌਕੇ ਜਸਪ੍ਰੀਤ ਕੌਰ, ਪਰਮਜੀਤ ਕੌਰ, ਸਵਰਨ ਕੌਰ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਅਕਾਲੀ ਦਲ ਦੀਆਂ ਨੀਤੀਆਂ 'ਚ ਪੂਰਨ ਵਿਸ਼ਵਾਸ ਪ੍ਰਗਟਾਇਆ | ਇਸ ਮੌਕੇ ਸੁਸ਼ਮਾ ਚੌਧਰੀ (ਇਸਤਰੀ ਵਿੰਗ ਪ੍ਰਧਾਨ), ਦਿਲਪ੍ਰੀਤ ਸਿੰਘ, ਰੂਪ ਖਾਨ, ਕਰਮਜੀਤ ਚੌਧਰੀ, ਗੁਰਪ੍ਰੀਤ ਵਿਰਕ, ਬਲਜੀਤ ਸਿੰਘ ਕੁੱਕੂ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਗੋਲਡੀ, ਬਿੱਲਾ ਛੱਜੂਮਾਜਰਾ, ਹੈਪੀ ਸਨੇਟਾ, ਹਰਭਜਨ ਸਿੰਘ ਟੋਨੀ, ਪੀਤਾ ਨੰਬਰਦਾਰ, ਸਿਮਰਨਜੀਤ ਸਿੰਘ ਕਲਿਆਣ ਤੇ ਪਿ੍ੰਸ ਕਲਿਆਣ, ਪਵਨਦੀਪ ਸਿੰਘ ਆਦਿ ਆਗੂਆਂ ਨੇ ਹਰਜਿੰਦਰ ਕੌਰ ਸੋਹਾਣਾ ਦੀ ਅਗਵਾਈ 'ਚ ਵਿਸ਼ਵਾਸ ਪ੍ਰਗਟਾਇਆ |